ਸੰਨ 1967 ਨੂੰ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਸੀ। ਉਦੋਂ ਮੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਵਾਲੇ ਜੱਥੇ ਨਾਲ, ਉਹਨਾਂ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਗਿਆ ਸੀ।ਪਹਿਲੀ ਵਾਰ ਜਾਣ ਕਰਕੇ ਮੈਨੂੰ ਉਥੋਂ ਦੇ ਹਾਲਾਤ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਿਵੇਂ ਜੱਥੇ ਦੇ ਬਾਕੀ ਮੈਂਬਰ ਅਤੇ ਮੇਰੇ ਪਿੰਡ ਦੇ ਸਾਥੀਆਂ ਨੇ ਦਸਿਆ ਸੀ ਮੈਂ ਉਵੇਂ ਹੀ ਕਰਦਾ ਗਿਆ, ਕਿauNਕਿ auਹ ਲੋਗ ਪਹਿਲਾਂ ਵੀ ਕਈ ਵਾਰ ਇਹਨਾਂ ਗੁਰਧਾਮਾਂ ਦੀ ਯਾਤਰਾ ਕਰ ਚੁਕੇ ਸਨ।ਜਦੋਂ ਅਸੀਂ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਤਾਂ ਮੈਂ ਦੇਖਿਆ ਕਿ au`ਥੇ ਸਿੰਧ ਸੂਬੇ ਤੋਂ ਬਹੁਤ ਸਾਰੇ ਸਿੰਧੀ ਹਿੰਦੁ, ਮੁਸਲਮਾਨ ਤੇ ਸਿੱਖ ਵੀ ਗੁਰੁ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਪੁੱਜੇ ਹੋਏ ਸਨ ਅਤੇ ਉਹਨਾਂ ਨੇ ਸਾਰੇ ਲੰਗਰ ਦੀ ਸੇਵਾ ਸੰਭਾਲੀ ਹੋਈ ਸੀ। ਉਹ ਸਾਨੂੰ ਭਾਵ ਜੱਥੇ ਦੇ ਮੈਂਬਰਾਂ ਨੂੰ ਗੁਰੂ ਜੀ ਦੇ ਅਸਲੀ ਅਨੁਆਈ ਸਮਝਕੇ ਮੱਥੇ ਟੇਕ ਰਹੇ ਸਨ ਅਤੇ ਵਿਸ਼ੇਸ਼ ਸੇਵਾ ਕਰ ਰਹੇ ਸਨ ਨਾਲ ਹੀ ਪੁੱਛ ਰਹੇ ਸਨ ਕਿ ਕੀ ਅਸੀਂ ਕੋਈ ਸਿੱਖ ਇਤਹਾਸ, ਗੁਰਬਾਣੀ ਦੇ ਗੁਟਕੇ ਜਾਂ ਪੰਜਾਬੀ ਸਿੱਖਣ ਵਾਲੇ ਕੈਤੇ (ਪੰਜਾਬੀ ਸਿੱਖਣ ਵਾਲੀ ਛੋਟੀ ਜਿਹੀ ਕਿਤਾਬ ਜੋ ਬੱਚਿਆਂ ਨੂੰ ਪੜਾਉਣ ਲਈ ਵਰਤੀ ਜਾਂਦੀ ਹੈ), ਨਾਲ ਲੈ ਕੇ ਆਏ ਹਾਂ? ਇਸਤੋਂ ਇਲਾਵਾ ਕੰਘਿਆਂ ਤੇ ਕੜਿਆਂ ਦੀ ਵੀ ਬਹੁਤ ਮੰਗ ਹੋ ਰਹੀ ਸੀ।ਮੈਨੂੰ ਇਹ ਸਭ ਜਾਣ ਕੇ ਬੜੀ ਹੈਰਾਨੀ ਤੇ ਪਛਤਾਵਾ ਹੋਇਆ ਕਿ ਸਾਡੇ ਲੋਕ ਤਾਂ ਆਪਣੇ ਨਾਲ ਇੱਧਰ ਵਿਕਣ ਵਾਲਾ ਸਮਾਨ ਲੈ ਕੇ ਆਏ ਹਨ ਤੇ ਇਧਰੋਂ ਆਪਣੇ ਵੱਲ ਵਿਕਣ ਵਾਲਾ ਲੈਕੇ ਜਾਣਗੇ, ਇਸਤਰਾਂ ਮੁਨਾਫਾ ਕਮਾਣਗੇ।ਜਿਵੇਂ, ਨਾਲੇ ਦੇਵੀ ਦਰਸ਼ਨ ਨਾਲੇ ਗੰਗਾ ਇਸ਼ਨਾਨ ਵਾਲੀ ਗੱਲ ਹੁੰਦੀ ਹੈ, ਸਾਨੂੰ ਨਾ ਤਾਂ ਗੁਰੂ ਜੀ ਦਾ ਉਪਦੇਸ਼ ਆਪ ਲੈਣ ਨਾਲ ਕੋਈ ਮਤਲਬ ਹੈ ਅਤੇ ਨਾ ਹੀ ਅਸੀਂ ਉਹਨਾਂ ਦਾ ਉਪਦੇਸ਼ ਦੂਜਿਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਸਾਡੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਸਦੇ ਪ੍ਰਬੰਧ ਤੇ ਅਗੁਵਾਈ ਹੇਠ ਅਸੀਂ ਲੋਗ ਪਾਕਿਸਤਾਨ ਵਿਚਲੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਗੁਰਪੁਰਬ ਮਨਾਉਣ ਜਾਂਦੇ ਹਾਂ, ਪਾਕਿਸਤਾਨ ਵਿੱਚ ਰਹਿ ਗਏ ਹਿੰਦੁਆਂ, ਸਿੱਖਾਂ ਤੇ ਹੋਰ ਲੋਕਾਂ ਦੇ ਨਵੇਂ ਜੁਆਨ ਹੋ ਰਹੇ ਬੱਚਿਆਂ ਨੂੰ ਸਿੱਖੀ ਤੇ ਸਿੱਖ ਇਤਹਾਸ ਦੀ ਜਾਣਕਾਰੀ ਦੇਣ ਲਈ ਕੋਈ ਯਤਨ ਨਹੀਂ ਕਰ ਰਹੇ ਹਾਂ।ਪਤਾ ਨਹੀਂ ਅੱਜ ਵੀ ਇਸ ਹਾਲਾਤ ਵਿੱਚ ਕੋਈ ਤਬਦੀਲੀ ਹੋਈ ਹੈ ਜਾਂ ਨਹੀਂ ਕਿਉਂਕਿ ਮੈ ਫਿਰ ਕਦੀ ਪਾਕਿਸਤਾਨ ਨਹੀਂ ਗਿਆ।ਕੀ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾ ਕੇ, ਕੀਰਤਨ ਕਰਵਾਕੇ, ਲੰਗਰ-ਪ੍ਰਸ਼ਾਦ ਖਾਕੇ ਜਾਂ ਨਗਰ-ਕੀਰਤਨ ਕਰਨ ਨਾਲ ਹੀ ਅਣਜਾਣ ਲੋਕਾਂ ਨੂੰ ਗੁਰੂਬਾਣੀ, ਸਿੱਖੀ ਤੇ ਸਿੱਖ ਇਤਹਾਸ ਦੀ ਜਾਣਕਾਰੀ ਹੋ ਜਾਂਦੀ ਹੈ? ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਮੈਨੂੰ ਆਪਣੇ ਹਿੰਦੁਸਤਾਨ ਦੇ ਵਿੱਚ ਘੁਮਣ ਦਾ ਕਾਫੀ ਮੌਕਾ ਮਿਲਿਆ ਹੈ।ਦੱਖਣੀ ਭਾਰਤ ਵਿੱਚ ਰਹਿਣ ਸਹਿਣ ਤੇ ਬੋਲੀਆਂ ਸਾਡੇ ਨਾਲੋਂ ਬਹੁਤ ਵੱਖਰੀਆਂ ਹਨ। ਜੋ ਨਵੇਂ ਨੋਜੁਆਨ ਬੱਚੇ ਹਨ ਉਹਨਾਂ ਨੂੰ ਸਿੱਖੀ ਤੇ ਸਿੱਖ ਇਤਹਾਸ ਬਾਰੇ ਕੋਈ ਜਾਣਕਾਰੀ ਨਹੀਂ। ਜਦੋਂ ਅਸੀਂ ਉਧਰ ਬੱਸਾਂ, ਗੱਡੀਆਂ ਵਿਚ ਸਫਰ ਕਰਦੇ ਹਾਂ ਜਾਂ ਕਿਸੇ ਪਾਰਟੀ ਨਾਲ ਗੱਲਬਾਤ ਕਰਦੇ ਹਾਂ ਤਾਂ auਹ ਸਾਨੂੰ ਸਿਗਰਿਟ ਦੀ ਆਫਰ ਕਰਦੇ ਹਨ ਜਾਂ ਇਹ ਸਵਾਲ ਕਰਦੇ ਹਨ ਕਿ ਅਸੀਂ ਸਿਰ ਦੇ ਵਾਲ ਤੇ ਦਾਹੜੀ ਕਿਉਂ ਰੱਖੀ ਹੈ ਜਾਂ ਸਿਰ ਤੇ ਪੱਗ ਕਿਉਂ ਬੱਧੀ ਹੋਈ ਹੈ।ਇਸਤੋਂ ਇਹ ਜਾਹਰ ਹੁੰਦਾ ਹੈ ਕਿ ਅਸੀਂ ਆਪਣੇ ਹੀ ਮੁਲਕ ਵਿੱਚ ਆਪਣੇ ਹੀ ਲੋਕਾਂ ਨੂੰ ਆਪਣੇ ਸਿੱਖ ਇਤਹਾਸ ਤੇ ਸਿੱਖੀ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕੇ ਹਾਂ।ਇਹੀ ਹਾਲਾਤ ਸਾਡੇ ਬਾਰੇ ਬਾਹਰਲੇ ਮੁਲਕਾਂ ਵਿੱਚ ਵੀ ਹੈ। 1989-90 ਵਿੱਚ ਮੈ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਲਾਸ-ਏਂਜਲਸ ਸ਼ਹਿਰ ਗਿਆ ਸੀ।ਉਥੇ ਮੈ ਇਕ ਦਿਨ ਇਸਤਰਾਂ ਹੀ ਰੋਡ ਤੇ ਪੈਦਲ ਹੀ ਘੁੰਮ ਰਿਹਾ ਸੀ ਤਾਂ ਇਕ ਅਮਰੀਕਨ ਨੌਜੁਆਨ ਮੇ ਲਾਗੋਂ ਕਾਰ ਵਿੱਚ ਲੰਘਿਆ ਤੇ ਮੈਨੂੰ ਦੇਖ ਕੇ ਉਚੀ ਉਚੀ ਚਿਲਾਉਣ ਲਗ ਪਿਆ "ਓ ਸ਼ੇਖ, ਓ ਸ਼ੇਖ"। ਮੈ ਇਹ ਸੁਣਕੇ ਬਹੁਤ ਹੈਰਾਨ ਹੋਇਆ ਕਿ ਇਹ ਕੀ ਕਹਿ ਰਿਹਾ ਹੈ, ਕੁਝ ਦੇਰ ਬਾਅਦ ਮੈਨੂੰ ਸਮਝ ਆਇਆ ਕਿ ਇਹ ਮੈਨੂੰ ਇਰਾਨੀ ਮੁਸਲਮਾਨ ਸ਼ੇਖ ਆਇਤਉਲਾ ਖੁਮੈਨੀ ਦਾ ਬੰਦਾ ਸਮਝ ਰਿਹਾ ਸੀ ਕਿਉਂਕਿ ਇਸਨੂੰ ਸਿੱਖ ਤੇ ਮੁਸਲਮਾਨ ਇੱਕੋ ਜਿਹੇ ਨਜਰ ਆ ਰਹੇ ਹਨ।ਇਸਤਰਾਂ ਦੇ ਭੁਲੇਖੇ ਆਮ ਹਨ ਤੇ ਇਸ ਕਾਰਨ ਕਈ ਨਸਲੀ ਵਾਰਦਾਤਾਂ ਵੀ ਹੋ ਰਹੀਆਂ ਹਨ। ਇਸਦਾ ਕਾਰਨ ਵੀ ਆਮ ਲੋਕਾਂ ਨੂੰ ਸਿੱਖ, ਸਿੱਖ ਧਰਮ ਤੇ ਸਿੱਖ ਇਤਹਾਸ ਦੀ ਜਾਣਕਾਰੀ ਨਾ ਹੋਣਾ ਹੀ ਹੈ।ਇਹ ਜਾਣਕਾਰੀ ਕਿਸਤਰਾਂ ਦਿੱਤੀ ਜਾਵੇ ਇਸ ਬਾਰੇ ਕੌਮ ਦੇ ਰਹਿਬਰਾਂ ਨੂੰ ਵਿਚਾਰ ਕਰਕੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ।
ਜਦੋਂ ਅਸੀਂ 1980 ਵਿੱਚ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਬਣਾਈ ਤਾਂ ਅਸੀਂ ਆਪਣੇ ਸ਼ਹਿਰ ਸ੍ਰੀ ਅੰਮ੍ਰਿਤਸਰ ਵਿਚ ਗੁਰ-ਪ੍ਰਕਾਸ਼ ਦਿਵਸ ਸਬੰਧੀ ਨਿਕਲਣ ਵਾਲੇ ਨਗਰ-ਕੀਰਤਨਾਂ ਵਿੱਚ ਆਪਣੇ ਮੈਬਰਾਂ ਸਮੇਤ ਸ਼ਾਮਲ ਹੋਣਾਂ ਸ਼ੁਰੂ ਕੀਤਾ। ਇਸਤਰਾਂ ਸਾਨੂੰ ਇਹਨਾਂ ਨਗਰ ਕੀਰਤਨਾਂ ਦੀ ਤਿਆਰੀ ਸਬੰਧੀ ਬਣੀ ਕਮੇਟੀ ਵਲੋਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਆਉਣ ਲੱਗ ਪਏ। ਅਜਿਹੀ ਇਕ ਮੀਟਿੰਗ ਵਿੱਚ ਸਾਨੂੰ ਵੀ ਆਪਣੇ ਵਿਚਾਰ ਦੱਸਣ ਲਈ ਹੁਕਮ ਹੋਇਆ ਤਾਂ ਦਾਸ ਨੇ ਇਹ ਸੁਝਾ ਦਿੱਤਾ ਕਿ ਤਕਰੀਬਨ ਹਰ ਸਾਲ 4-5 ਨਗਰ ਕੀਰਤਨ ਸਿਰਫ ਸ਼ਹਿਰ ਦੇ ਇੱਕੋ ਹੀ ਅੰਦਰੂਨੀ ਹਿੱਸੇ ਰਾਹੀਂ ਕੱਢੇ ਜਾਂਦੇ ਹਨ, ਕਿਹਾ ਚੰਗਾ ਹੋਵੇ ਜੇਕਰ ਇਹ ਨਗਰ ਕੀਰਤਨ ਸ਼ਹਿਰ ਦੀਆਂ ਚਾਰੇ ਦਿਸ਼ਾਵਾਂ ਵੱਲ ਵਾਰੀ ਵਾਰੀ ਕੱਢੇ ਜਾਣ ਅਤੇ ਨਾਲ ਹੀ ਸਬੰਧਤ ਗੁਰ ਇਤਹਾਸ ਤੇ ਗੁਰੂ ਬਾਣੀ ਅਰਥ-ਭਾਵ ਸਹਿਤ ਵੰਡੀ ਜਾਵੇ ਤਾਕਿ ਹਰ ਨਗਰ ਵਾਸੀ ਨੂੰ ਇਸ ਨਗਰ-ਕੀਰਤਨ ਦਾ ਅਸਲੀ ਮਕਸਦ ਸਮਝ ਵਿੱਚ ਆਵੇ ਤੇ ਉਸਨੂੰ ਗੁਰਪੁਰਬ ਮਨਾਉਣ ਦੀ ਪ੍ਰੇਰਣਾ ਮਿਲੇ। ਜੁਆਬ ਵਿੱਚ ਚਲ ਰਹੀ ਮਰਿਆਦਾ ਦਾ ਹਵਾਲਾ ਦੇ ਕੇ ਮਾਮਲੇ ਨੂੰ ਨਕਾਰ ਦਿੱਤਾ ਗਿਆ। ਦਾਸ ਦੇ ਵਿਚਾਰ ਅਨੁਸਾਰ ਨਗਰ ਕੀਰਤਨਾਂ ਰਾਹੀਂ ਜਿੱਥੇ ਗੁਰੂ ਮਹਾਂਰਾਜ ਦੀ ਮਹਿਮਾਂ ਗਾਉਣਾ ਹੈ ਉਸਦੇ ਨਾਲ ਨਾਲ ਉਹਨਾਂ ਦੇ ਉਪਦੇਸ਼ਾਂ ਨੂੰ ਵੀ ਵੱਧ ਤੋਂ ਵੱਧ ਪ੍ਰਚਾਰਨਾ ਹੋਣਾ ਚਾਹੀਦਾ ਹੈ। ਅਜੇ ਤੱਕ ਜਿੰਨੇ ਵੀ ਨਗਰ ਕੀਰਤਨ, ਕੀਰਤਨ ਦਰਬਾਰ ਜਾਂ ਗੁਰਪੁਰਬ ਮਨਾਏ ਜਾਂਦੇ ਹਨ ਉਹਨਾਂ ਤੇ ਲੱਖਾਂ ਕਰੋੜਾਂ ਰੁਪਏ ਖਰਚੇ ਜਾਂਦੇ ਹਨ ਹਰ ਪ੍ਰਕਾਰ ਦਾ ਖੁੱਲਾ ਖਰਚ ਕੀਤਾ ਜਾਂਦਾ ਹੈ ਪਰ ਸਬੰਧਤ ਗੁਰ ਇਤਹਾਸ ਤੇ ਗੁਰੂ-ਬਾਣੀ ਭਾਵ ਅਰਥ ਸਹਿਤ ਨਹੀਂ ਵੰਡੀ ਜਾਂਦੀ ਜਿਸ ਕਾਰਨ ਸੰਗਤ ਦੋ ਘੜੀਆਂ ਕੀਰਤਨ ਦਾ ਕੰਨ-ਰਸ ਲੈਕੇ ਤੇ ਕੋਈ ਸਿਰਫ ਟਾਈਮ ਪਾਸ ਕਰਕੇ ਘਰ ਆ ਜਾਂਦਾ ਹੈ।ਜੋ ਵਿਅਕਤੀ ਸਿੱਖ ਫਲਸਫੇ ਤੋਂ ਅਣਜਾਨ ਹੈ ਉਸਨੂੰ ਤਾਂ ਇਹ ਪਤਾ ਹੀ ਨਹੀਂ ਲਗਦਾ ਕਿ ਇਹ ਕੀ ਹੋ ਰਿਹਾ ਹੈ, ਫਿਰ ਉਹ ਕਿਸਤਰਾਂ ਸਾਡੇ ਇਸ ਉਪਰਾਲੇ ਨਾਲ ਜੁੜ ਸਕਦਾ ਹੈ, ਇਹੀ ਹਾਲਤ ਸਾਡੇ ਬੱਚਿਆਂ ਦੀ ਹੈ।ਅੱਜ ਹਰ ਗਲੀ-ਮੁਹੱਲੇ, ਪਿੰਡ, ਕਸਬੇ, ਸ਼ਹਿਰ, ਦੇਸ਼ ਤੇ ਪ੍ਰਦੇਸ਼ ਵਿੱਚ ਸਾਡੇ ਆਲੀਸ਼ਾਨ ਗੁਰਦੁਆਰੇ ਤੇ ਗੁਰ-ਅਸਥਾਨ ਬਣੇ ਹਨ, ਇਹਨਾਂ ਤੇ ਲੱਖਾਂ, ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਤੇ ਅਗੋਂ ਵੀ ਲਗਾਤਾਰ ਹੋ ਰਹੇ ਹਨ।ਪਰ ਇਹਨਾਂ ਦਾ ਜੋ ਅਸਲੀ ਮਕਸਦ ਹੋਣਾਂ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਕਿਉਂਕਿ ਦਿਖਾਵਾ ਤੇ ਕਰਮ-ਕਾਂਡ ਜਿਆਦਾ ਹੋ ਰਿਹਾ ਹੈ ਤੇ ਗੁਰ-ਇਤਹਾਸ ਤੇ ਗੁਰੂ ਬਾਣੀ ਦੇ ਫਲਸਫੇ ਦੀ ਸ਼ਿਖਸ਼ਾ ਤੇ ਪ੍ਰਚਾਰ ਨਾਂਹ ਦੇ ਬਰਾਬਰ ਹੈ।ਜਿਵੇਂ ਅਸੀਂ ਬੱਚਿਆਂ ਨੂੰ ਦੁਨਿਆਵੀ ਸ਼ਿਖਸ਼ਾ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਭੇਜਦੇ ਹਾਂ ਤੇ ਉਹਨਾਂ ਨੂੰ ਆਪਣੀ ਜਿੰਦਗੀ ਵਿੱਚ ਕਮਾਈ ਕਰਕੇ ਗ੍ਰਹਿਸਥੀ ਜੀਵਨ ਨੂੰ ਚਲਾਉਣ ਯੋਗ ਬਣਾਂਦੇ ਹਾਂ ਇਸਤਰਾਂ ਹੀ ਗੁਰਦੁਆਰੇ ਤੇ ਗੁਰ ਅਸਥਾਨ ਬੱਚਿਆਂ ਨੂੰ ਤੇ ਬਾਕੀ ਦੁਨੀਆਂ ਦੇ ਲੋਕਾਂ ਨੂੰ ਧਾਰਮਕ ਤੇ ਅਧਿਆਤਮਕ ਸ਼ਿਖਸ਼ਾ ਦੇਣ ਦੇ ਕੇਂਦਰ ਬਣਨੇ ਚਾਹੀਦੇ ਹਨ ਜਿਸ ਨਾਲ ਹਰ ਕੋਈ ਸਿੱਖ ਫਲਸਫੇ ਤੇ ਸਿੱਖ ਇਤਹਾਸ ਨੂੰ ਸਮਝਕੇ ਗੁਰ ਆਸ਼ੇ ਅਨੁਸਾਰ ਇਕ ਨੇਕ ਚਾਲ-ਚਲਣ ਤੇ ਸੱਚਾ-ਸੁੱਚਾ ਇਨਸਾਨ ਬਣ ਸਕੇ।ਜੱਦੋਂ ਦਾਸ ਅਮਰੀਕਾ ਵਿੱਚ ਸੀ ਤਾਂ ਇਕ ਕੀਰਤਨ ਸਮਾਗਮ ਤੇ ਸਿੱਖ ਜਗਤ ਦੇ ਪ੍ਰਸਿੱਧ ਰਾਗੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਨਾਲ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਇਹ ਸੁਆਲ ਕੀਤਾ ਗਿਆ ਕਿ ਐਸ ਵੇਲੇ ਸਿੱਖ ਜਗਤ ਦਾ ਕੀ ਹਾਲ ਹੈ ਤਾਂ ਉਹਨਾਂ ਨੇ ਬਹੁਤ ਸੁਲਝਿਆ ਹੋਇਆ ਉਤੱਰ ਦਿੱਤਾ ਕਿ ਐਸ ਸਮੇ ਗੁਰਦੁਆਰੇ ਤਾਂ
ਭਹੁਤ ਪੱਕੇ ਹੋ ਰਹੇ ਹਨ ਪਰ ਸਿੱਖੀ ਅਜੇ ਕੱਚੀ ਹੈ ਭਾਵ ਕਿ ਸਿੱਖੀ ਦਾ ਸਹੀ ਪ੍ਰਚਾਰ ਤੇ ਪ੍ਰਸਾਰ ਨਹੀਂ ਹੋ ਰਿਹਾ।ਇਹ ਹਾਲਾਤ ਅੱਜ ਵੀ ਬਦਸਤੂਰ ਜਾਰੀ ਹੈ ਬਲਕੇ ਹੋਰ ਖਰਾਬ ਹੀ ਹੋਏ ਹਨ, ਪੰਜਾਬ ਜੋ ਸਿੱਖੀ ਦਾ ਘਰ ਤੇ ਜਨਮ ਅਸਥਾਨ ਹੈ, ਨੂੰ ਵੇਖ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਿੱਖੀ ਸਰੂਪ ਤੇ ਸਿੱਖਾਂ ਵਿੱਚ ਜਿਸ ਤੇਜੀ ਨਾਲ ਨਿਘਾਰ ਆ ਰਿਹਾ ਹੈ, ਅਸੀਂ ਆਪਣੇ ਘਰ ਵਿੱਚ ਹੀ ਬੇਗਾਨੇ ਹੋ ਰਹੇ ਹਾਂ।ਸਾਡੇ ਬੱਚੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਕੇ ਨਕਲੀ ਰੂਪ ਧਾਰ ਰਹੇ ਹਨ ਤੇ ਅਸੀਂ ਸਭ ਦੇਖ ਰਹੇ ਤੇ ਭੁਗਤ ਰਹੇ ਹਾਂ ਪਰ ਇਸਨੂੰ ਸੁਧਾਰਨ ਵੱਲ ਕੋਈ ਠੋਸ ਯਤਨ ਨਹੀਂ ਕਰ ਰਹੇ ਹਾਂ।ਸਾਨੂੰ ਤੇ ਸਾਡੇ ਬੱਚਿਆਂ ਨੂੰ ਧਾਰਮਿਕ ਸ਼ਿਖਸ਼ਾ ਦੀ ਬਹੁਤ ਕਮੀ ਹੈ, ਸਾਡੇ ਗੁਰਦੁਆਰੇ ਵੀ ਦੂਜੇ ਧਰਮ ਅਸਥਾਨਾਂ ਵਾਂਗ ਸਿਰਫ ਪੂਜਾ-ਪਾਠ ਦੇ ਅਸਥਾਨ ਬਣ ਕੇ ਰਹਿ ਗਏ ਹਨ ਜਦੋਂ ਕਿ ਇਹ ਸ਼ਿਖਸ਼ਾ ਦੇ ਅਸਥਾਨ ਬਣਨੇ ਚਾਹੀਦੇ ਹਨ।ਜੇਕਰ ਅਸੀਂ ਆਪਣੇ ਗੁਰਦੁਆਰਿਆਂ ਨੂੰ ਧਾਰਮਿਕ ਸ਼ਿਖਸ਼ਾ ਦੇ ਅਸਥਾਨ ਬਣਾਇਆ ਹੁੰਦਾ,ੇ ਆਪ ਤੇ ਆਪਣੇ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਸ਼ਿਖਸ਼ਾ ਵੀ ਦਿੱਤੀ ਹੁੰਦੀ ਤਾਂ ਅੱਜ ਸਾਡੇ ਸਿੱਖੀ ਸਰੂਪ ਦਾ ਇਹ ਹਾਲ ਨਾ ਹੁੰਦਾ।ਸਾਡੇ ਬੱਚਿਆਂ ਨੂੰ ਤੇ ਸਾਨੂੰ ਇਹ ਪਤਾ ਹੁੰਦਾ ਕਿ ਸਿੱਖੀ ਸਰੂਪ ਦਾ ਕੀ ਮਕਸਦ ਹੈ ਤੇ ਇਸਦੀ ਕੀਮਤ ਕੀ ਹੈ।
ਆਪਣੀ ਅਮਰੀਕਾ ਫੇਰੀ ਦੁਰਾਨ ਭਾਈ ਹਰਭਜਨ ਸਿੰਘ ਯੋਗੀ ਜੀ ਦੇ ਅਨੁਆਈਆਂ ਨੂੰ ਨੇੜਿaNu ਹੋ ਕਿ ਮਿਲਣ ਦਾ ਮੌਕਾ ਮਿਲ਼ਿਆ।ਉਹਨਾਂ ਦੇ ਇਕ ਅਨੁਆਈ ਦੀ ਸ਼ਾਦੀ ਸੀ ਜੋ ਕਿ ਇਕ ਗੁਰੂਦੁਆਰੇ ਵਿਚ ਹੋ ਰਹੀ ਸੀ।ਉਹਨਾਂ ਦੇ ਸਭ ਅਨੁਆਈ ਇਕੱਠੇ ਹੋਏ ਹੋਏ ਸਨ, ਬਹੁਗਿਣਤੀ ਅਮਰੀਕਨ ਸਿੱਖਾਂ ਦੀ ਸੀ ਜੋ ਕਿ ਸਾਰੇ ਸਾਬਤ ਸੂਰਤ ਸਿੱਖੀ ਸਰੂਪ ਵਿਚ ਸਨ।ਵਿਆਹ ਸਮੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਅਤੇ ਸਾਰੀ ਸੰਗਤ ਰਾਗੀਆਂ ਦੇ ਨਾਲ ਸ਼ਬਦ ਕੀਰਤਨ ਕਰ ਰਹੀ ਸੀ। ਰਾਗੀ ਜੋ ਸ਼ਬਦ ਪੜ੍ਹ ਰਹੇ ਸਨ, ਉਹਨਾਂ ਦਾ ਅੰਗਰੇਜੀ ਭਾਸ਼ਾ ਵਿਚ ਤਜਰਮਾਂ ਕਰਕੇ ਸ਼ਬਦ ਦਾ ਅਰਥ-ਭਾਵ ਨਾਲ ਸਾਰੀ ਸੰਗਤ ਪਾਸ ਸੀ।ਇਸਤਰਾਂ ਜੋ ਕੀਰਤਨ ਹੋ ਰਿਹਾ ਸੀ ਉਸਦਾ ਪੂਰਾ ਸੰਦੇਸ਼ ਸਾਰੀ ਸੰਗਤ ਨੂੰ ਪਤਾ ਲਗ ਰਿਹਾ ਸੀ ਕਿ ਗੁਰੂ ਜੀ ਸਾਨੂੰ ਇਸ ਸ਼ਬਦ ਰਾਹੀਂ ਕੀ ਸ਼ਿਖਸ਼ਾ ਦੇ ਰਹੇ ਹਨ।ਦਾਸ ਇਹ ਜਾਣ ਕਿ ਬਹੁਤ ਹੈਰਾਨ ਹੋਇਆ ਕਿ ਯੋਗੀ ਜੀ ਨੇ ਕਿੰਨੀ ਮਿਹਨਤ ਤੇ ਸਿਆਣਪ ਨਾਲ ਇਕ ਬਿਲਕੁਲ ਵਖਰੀ ਸਭਿਅਤਾ ਵਾਲੇ ਮੁਲਕ ਵਿਚ ਆਕੇ ਸਿੱਖੀ ਤੇ ਗੁਰ-ਸ਼ਬਦ ਦਾ ਪ੍ਰਚਾਰ ਕੀਤਾ ਤੇ ਸਿੱਖੀ ਤੋਂ ਬਿਲਕੁਲ ਅਣਜਾਣ ਲੋਕਾਂ ਨੂੰ ਵੀ ਸਿੱਖੀ ਸਰੂਪ ਵਿੱਚ ਤਿਆਰ ਕੀਤਾ।ਮੈਨੂੰ ਦਸਿਆ ਗਿਆ ਕਿ ਉਹਨਾ ਨੇ ਇਥੇ ਆਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੇ ਗੁਰ-ਇਤਹਾਸ ਦਾ ਅੰਗਰੇਜੀ ਵਿਚ ਉਲਥਾ, ਉਚਾਰਨ ਤੇ ਅਰਥ-ਭਾਵ ਬਕਾਇਦਾ ਕੰਪਿਉਟਰ ਪ੍ਰਿੰਟਾਂ ਰਾਹੀਂ ਇਹਨਾਂ ਲੋਕਾਂ ਨੂੰ ਵੰਡੀਆਂ ਅਤੇ ਕਥਾ ਕੀਰਤਨ ਰਾਹੀਂ ਵੀ ਸਮਝਾਇਆ ਤਾਂ ਜਦ ਇਹਨਾਂ ਨੂੰ ਸਿੱਖ ਫਲਸਫੇ ਦੀ ਪੂਰੀ ਤਰਾਂ ਸਮਝ ਲਗੀ ਤਾਂ ਇਹਨਾਂ ਨੇ ਸਿੱਖ-ਧਰਮ ਨੂੰ ਸਭ ਤੋਂ ਉੱਤਮ ਜਾਣਕੇ ਇਸਨੂੰ ਖੁਸ਼ੀ ਖੁਸ਼ੀ ਅਪਣਾਇਆ। ਇਸਦੇ ਉਲਟ ਅਸੀਂ ਆਪਣੇ ਮੁਲਕ ਵਿੱਚ ਆਪਣੇ ਹੀ ਘਰ ਵਿੱਚ, ਆਪਣਿਆਂ ਨੂੰ ਹੀ ਸਿੱਖੀ ਦੇ ਸਹੀ ਅਰਥ ਨਹੀਂ ਸਮਝਾ ਸਕੇ। ਸਾਡੀ ਇਸ ਅਣਗਹਿਲੀ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਬਹੁਤ ਸਾਰੇ ਦੂਸਰੇ ਲੋਗ ਤਾਂ ਸਿੱਖੀ ਸਰੂਪ ਨੂੰ ਅਪਣਾ ਰਹੇ ਹਨ ਪਰ ਸਾਡੇ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਹਨ।ਜੇਕਰ ਅਸੀਂ ਗੁਰਬਾਣੀ ਦੇ ਸਹੀ ਅਰਥ-ਭਾਵ ਤੇ ਸਿੱਖ ਇਤਹਾਸ ਨੂੰ ਸਹੀ ਮਾਹਨਿਆਂ ਵਿੱਚ ਪ੍ਰਚਾਰਿਆ ਹੁੰਦਾ ਤਾਂ ਕੀ ਸਾਡੇ ਬੱਚੇ ਤੇ ਅਸੀਂ ਇਸਨੂੰ ਨਾ ਸਮਝਦੇ? ਪਰ ਅਸੀਂ ਤਾਂ ਸਿਰਫ ਗੁਟਕੇ, ਸੈਂਚੀਆਂ ਤੇ ਸ੍ਰੀ ਗੁਰੁ ਗਰੰਥ ਸਾਹਿਬ ਦੇ ਸਵਰੂਪਾਂ ਨੂੰ ਪੜ੍ਹਨ ਤਕ ਹੀ ਸੀਮਤ ਹਾਂ, ਇਸਦੇ ਅਰਥ-ਭਾਵ ਸਮਝ ਕੇ ਉਸਤੇ ਅਮਲ ਕਰਨ ਦਾ ਨਾ ਆਪ ਯਤਨ ਕਰਦੇ ਹਾਂ ਅਤੇ ਨਾ ਹੀ ਇਸਨੂੰ ਦੂਸਰਿਆਂ ਤਕ ਪਹੁੰਚਾਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਤਾਂ ਅਜਕਲ ਪਾਠ ਵੀ ਦੂਜਿਆਂ ਨੂੰ ਪੈਸੇ ਦੇ ਕੇ ਕਰਵਾ ਰਹੇ ਹਾਂ ਤੇ ਕਦੀ ਇਸ ਗੱਲ ਦਾ ਖਿਆਲ ਨਹੀਂ ਕਰਦੇ ਕਿ ਇਹ ਸਾਨੂੰ ਆਪ ਕਰਨਾ ਚਾਹੀਦਾ ਹੈ।ਇਹ ਤਾਂ
ਇਸਤਰਾਂ ਹੈ ਜਿਵੇਂ ਦੁਆਈ ਕੋਈ ਦੂਸਰਾ ਖਾਵੇ ਤੇ ਅਰਾਮ ਸਾਨੂੰ ਆ ਜਾਵੇ, ਕੀ ਇਵੇਂ ਹੁੰਦਾ ਹੈ? ਸਾਡੇ ਸਾਰਿਆਂ ਗੁਰੂਆਂ ਜੀ ਨੇ ਆਪਣੀ ਪਵਿਤੱਰ ਬਾਣੀ ਰਾਹੀਂ ਇਹ ਹੀ ਸੰਦੇਸ਼ ਦਿੱਤਾ ਹੈ "ਸ਼ੁੱਭ ਅਮਲਾਂ ਬਾਝੌਂ ਬਾਕੀ ਸਭ ਕਰਮ-ਕਾਂਡ ਹੈ"। ਗੁਰੂ-ਬਾਣੀ ਤੇ ਗੁਰ ਇਤਹਾਸ ਦੀ ਸ਼ਿਖਸ਼ਾ ਹਰ ਤਰੀਕੇ ਨਾਲ, ਹਰ ਮੌਕੇ, ਹਰ ਜੁਬਾਨ ਵਿੱਚ ਹਰ ਗੁਰਦੁਆਰੇ ਰਾਹੀਂ, ਪ੍ਰਿੰਟਿੱਡ ਲਿਟਰੇਚਰ, ਫਿਲਮਾਂ, ਟੀ. ਵੀ. ਅਤੇ ਇੰਟਰਨੈਟ ਦੇ ਮਾਧਿਅਮ ਰਾਹੀ ਹਰ ਸ਼ਖਸ਼ ਨੂੰ ਪਹੁੰਚਾਣ ਦਾ ਯਤਨ ਕਰਨਾ ਚਾਹੀਦਾ ਹੈ। ਸਾਨੂੰ ਖਾਸ ਕਰਕੇ ਆਪਣੀਆਂ ਧੀਆਂ, ਭੈਣਾਂ ਅਤੇ ਮਾਵਾਂ ਨੂੰ ਗੁਰੂਬਾਣੀ ਤੇ ਗੁਰ ਇਤਹਾਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰ-ਇਤਹਾਸ ਤੇ ਗੁਰੂਬਾਣੀ ਦੀ ਸਿਖਿਆ ਦੇ ਕੇ ਉਹਨਾਂ ਨੂੰ ਪੂਰਨ ਗੁਰਸਿੱਖਾਂ ਦੀ ਤਰਾਂ ਤਿਆਰ ਕਰਨ । ਇਸਤਰਾਂ ਸਾਡੇ ਸਮਾਜ ਤੇ ਬਾਕੀ ਦੁਨੀਆਂ ਵਿੱਚ ਬਦਲਾਅ ਆ ਸਕਦਾ ਹੈ।ਸਾਨੂੰ ਆਪਣੇ ਵਿਚਾਰ ਤੇ ਚਾਲ-ਚਲਣ ਨੂੰ ਗੁਰੁ ਆਸ਼ੇ ਅਨੁਸਾਰ ਬਨਾਉਣ ਤੇ ਜੋਰ ਦੇਣਾ ਚਾਹੀਦਾ ਹੈ ਤਾਂ ਹੀ ਸਰਬਤ ਦਾ ਭਲਾ ਹੋ ਸਕਦਾ ਹੈ ਤੇ ਸਮਾਜਕ ਕੁਰੀਤੀਆਂ ਦੂਰ ਹੋ ਸਕਦੀਆਂ ਹਨ।ਅੱਜ ਅਸੀਂ ਗੁਰਬਾਣੀ ਤੋਂ ਸੇਧ ਨਾਂ ਲੈਣ ਕਰਕੇ ਜੀਵਨ ਦੇ ਅਸਲੀ ਰਸਤੇ ਤੋਂ ਭਟਕ ਗਏ ਹਾਂ ਜਿਸ ਕਾਰਨ ਸਾਡੇ ਬੱਚੇ ਵੀ ਗੁਮਰਾਹ ਹੋ ਕੇ ਸਿੱਖੀ ਸਰੂਪ ਦੀ ਕਦਰ-ਕੀਮਤ ਭੁੱਲ ਰਹੇ ਹਨ। ਇਸ ਵਿੱਚ ਓਨਾ ਕਸੂਰ ਉਹਨਾਂ ਦਾ ਨਹੀਂ ਜਿੰਨਾ ਕਿ ਸਾਡਾ ਆਪਣਾ ਹੈ।ਆਓ ਪਹਿਲਾਂ ਆਪਣੇ ਆਪਨੂੰ ਗੁਰਸਿੱਖ ਬਣਾਈਏ ਤੇ ਫਿਰ ਬਾਕੀ ਦੁਨੀਆਂ ਨੂੰ ਵੀ ਸਿੱਖ ਫਲਸਫੇ ਦੀ ਜਾਣਕਾਰੀ ਦੇਈਏ।
iਸੱਖੀ ਸਰੂਪ ਬਾਰੇ ਕਈ ਵਾਰ ਹਿੰਦੂ ਵੀਰ ਇਹ ਕਹਿੰਦੇ ਹਨ ਕਿ ਦਸਵੇਂ ਪਾਤਸ਼ਾਹ ਸਹਿਬ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਹਿੰਦੁਆਂ ਤੋਂ ਹੀ ਬਨਾਏ ਸਨ ਇਸ ਲਈ ਅਸੀਂ ਸਾਰੇ ਹਿੰਦੁਆਂ ਦੀ ਅੰਸ ਹਾਂ ਅਤੇ ਸਾਡਾ ਕੰਮ ਹਿੰਦੁਆਂ ਦੀ ਰਖਸ਼ਾ ਕਰਨਾ ਹੈ। ਦਾਸ ਨਾਲ ਇਸ ਬਾਰੇ ਜਦ ਕੋਈ ਸੁਆਲ ਕਰਦਾ ਹੈ ਤਾਂ ਦਾਸ ਉਹਨਾਂ ਦਾ ਭੁਲੇਖਾ ਦੂਰ ਕਰਨ ਲਈ ਇਹ ਦਸਦਾ ਹੈ ਕਿ ਗੁਰੁ ਜੀ ਨੇ ਗੁਮਰਾਹ ਹੋਏ ਲੋਕਾਂ ਨੂੰ ਹੀ ਸਿੰਘ ਬਨਾਇਆ ਸੀ ਨਾ ਕਿ ਹਿੰਦੁਆਂ ਨੂੰ । ਜੇਕਰ ਇਸਨੂੰ ਗਹਿਰਾਈ ਨਾਲ ਵਿਚਾਰਿਆ ਜਾਵੇ ਤਾਂ ਗੱਲ ਸਮਝ ਵਿਚ ਆ ਸਕਦੀ ਹੈ ਕਿਉਂਕਿ ਇਸ ਦੁਨੀਆਂ ਵਿੱਚ ਜੋ ਵੀ ਇਨਸਾਨ ਪੈਦਾ ਹੁੰਦਾ ਹੈ ਕੁਦਰਤ ਉਸਨੂੰ ਸਿੱਖੀ ਸਰੂਪ ਵਿੱਚ ਹੀ ਪੈਦਾ ਕਰਦੀ ਹੈ।ਅਸੀਂ ਹੀ ਉਸਨੂੰ ਹਿੰਦੂ, ਮੁਸਲਿਮ, ਇਸਾਈ ਜਾਂ ਕਿਸੇ ਹੋਰ ਸ਼ਕਲ ਵਿਚ ਤਬਦੀਲ ਕਰਦੇ ਹਾਂ।ਹਿੰਦੂ ਬੱਚੇ ਦਾ ਮੁੰਡਨ ਕਰਕੇ, ਮੁਸਲਿਮ ਅਤੇ ਇਸਾਈ ਬੱਚੇ ਦੀ ਸੁੰਨਤ ਕਰਕੇ ਉਸਨੂੰ ਆਪਣੇ ਅਪਣੇ ਅਕੀਦੇ ਅਨੁਸਾਰ ਕਰਦੇ ਹਨ ਜੇਕਰ ਉਹ ਅਜਿਹਾ ਨਾ ਕਰਨ ਤਾਂ ਬੱਚਾ ਸਿੱਖੀ ਸਰੂਪ ਅਨੁਸਾਰ ਹੀ ਵੱਡਾ ਹੋਵੇਗਾ।ਇਸਦੇ ਸਬੂਤ ਲਈ ਸਾਡੇ ਰਿਸ਼ੀ ਮੁਨੀਆਂ ਦੇ ਸਰੂਪ ਦੇਖੇ ਜਾ ਸਕਦੇ ਹਨ।ਦਸਮਪਿਤਾ ਜੀ ਨੇ ਵੀ ਇਹ ਜਾਣਕੇ ਕਿ ਪ੍ਰਮਾਤਮਾਂ ਨੇ ਤਾਂ ਇਨਸਾਨ ਨੂੰ ਸਿੱਖੀ ਸਰੂਪ ਦਿੱਤਾ ਹੈ ਤੇ ਇਹ ਸਰੂਪ ਇਨਸਾਨ ਨੇ ਹੀ ਵਿਗਾੜਿਆ ਹੈ ਤੇ ਆਪਸ ਵਿੱਚ ਵੰਡੀਆਂ ਪਾਈਆਂ ਹਨ।ਜੋ ਸਰੂਪ ਸਾਨੂੰ ਪ੍ਰਮਾਤਮਾਂ ਵਲੋਂ ਮਿਲਿਆ ਹੈ ਉਸਨੂੰ ਵਿਗਾੜਨਾ ਸਾਡੀ ਭੁੱਲ ਹੈ ਇਸ ਲਈ ਕੁਦਰਤ ਦੀ ਦਿੱਤੀ ਇਸ ਦਾਤ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਵਾਹਿਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।ਇਸ ਸਰੂਪ ਨੂੰ ਹਮੇਸ਼ਾਂ ਲਈ ਸੰਭਾਲਣ ਤੇ ਇਸਦੀ ਦਿੜ੍ਰਤਾ ਨਾਲ ਰਾਖੀ ਕਰਨ ਲਈ ਹੀ ਅੰਮ੍ਰਿਤਪਾਨ ਕਰਾਇਆ ਤੇ ਕਮਜੋਰ ਬਿਰਤੀਆਂ ਵਾਲੇ ਇਨਸਾਨਾਂ ਨੂੰ ਸ਼ੇਰਾਂ ਵਾਲੀ ਸਪਿਰਟ ਦੀ ਬਖਸ਼ਿਸ਼ ਕਰ ਦਿੱਤੀ। ਇਸਤਰਾਂ ਹਰ ਇਨਸਾਨ ਨੂੰ ਸੰਤ-ਸਿਪਾਹੀ ਬਣਨ ਦੀ ਹਿਦਾਇਤ ਕੀਤੀ, ਨਾ ਕਿਸੇ ਤੇ ਜੁਲਮ ਕਰਨਾ ਹੈ ਤੇ ਨਾਂ ਹੀ ਕਿਸੇ ਦਾ ਜੁਲਮ ਸਹਿਣਾ ਹੈ।
ਪ੍ਰਮਾਤਮਾਂ ਨੇ ਇਨਸਾਨ ਦਾ ਸਿਰ ਸੱਭ ਤੋਂ ਉਪੱਰ ਬਨਾਇਆ ਹੈ ਇਸ ਵਿੱਚ ਦਿਮਾਗ ਪਾਇਆ ਹੈ ਜਿਸ ਵਿੱਚ ਉਸਨੇ ਆਪਣੀ ਅੰਸ਼ ਜਿਸਨੂੰ ਅਸੀਂ ਆਤਮਾਂ ਕਹਿੰਦੇ ਹਾਂ ਪਾਈ ਹੈ। ਇਸ ਨਾਲ ਹੀ ਸਾਡੀ ਹੋਂਦ ਹੈ, ਇਸ ਲਈ ਇਨਸਾਨ ਦਾ ਦਿਮਾਗ ਹੀ ਸੱਭ ਤੋਂ ਕੀਮਤੀ ਹੈ। ਇਸੇ ਲਈ ਇਸਦੀ ਰਖਸ਼ਾ ਵੀ ਸਭ ਤੋਂ ਅਹਿਮ ਹੈ।ਕੁਦਰਤ ਨੇ ਇਸਦਾ ਪੁਖਤਾ ਇੰਤਜਾਮ ਕੀਤਾ ਹੈ।ਅਮਰੀਕਨ ਡਾਕਟਰ ਜੈਨਿਟ ਲਾਂਟ ਅਨੁਸਾਰ ਇਨਸਾਨ ਦੀ ਖੋਪੜੀ ਜਿਸ ਵਿੱਚ ਇਸ ਦਿਮਾਗ ਨੂੰ ਛੁਪਾਇਆ ਗਿਆ ਹੈ, 52 ਸਖਤ ਹੱਢੀਆਂ ਦੇ ਸੁਮੇਲ ਤੋਂ ਬਣਾਇਆ ਗਿਆ ਹੈ।ਇਸ ਖੋਪੜੀ ਦੀ ਰਾਖੀ ਲਈ ਇਸ ਉਪਰ ਬੇਸ਼ਕੀਮਤੀ ਵਾਲ ਦਿੱਤੇ ਹਨ।ਦਸ਼ਮੇਸ਼ ਪਿਤਾ ਜੀ ਨੇ ਇਹਨਾਂ ਵਾਲਾਂ ਦੀ ਸਾਂਭ ਸੰਭਾਲ ਲਈ ਹੀ ਦਸਤਾਰ ਸਜਾਉਣ ਦੀ ਹਿਦਾਇਤ ਕੀਤੀ ਹੈ।ਹੁਣ ਜੇਕਰ ਅਸੀਂ ਵਾਲ ਹੀ ਕਟਾ ਦੇਂਦੇ ਹਾਂ ਤਾਂ ਫਿਰ ਇਸ ਸਿਰ, ਦਿਮਾਗ ਤੇ ਇਸਵਿਚ ਵਸਦੀ ਆਤਮਾਂ ਦੀ ਰਖਸ਼ਾ ਕਿਵੇਂ ਕਰ ਸਕਦੇ ਹਾਂ? ਇਸਤਰਾਂ ਅਸੀਂ ਪ੍ਰਮਾਤਮਾਂ ਤੇ ਅਪਣੇ ਗੁਰੂ ਜੀ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਾਂ। ਇਹ ਗੱਲ ਸਾਨੂੰ ਚੰਗੀ ਤਰਾਂ ਵਿਚਾਰਨੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਚੰਗੀ ਤਰਾਂ ਸਮਝਾਉਣੀ ਚਾਹੀਦੀ ਹੈ ਤਾਂ ਹੀ ਉਹ ਵਾਲਾਂ ਦੀ ਮਹਤੱਤਾ ਨੂੰ ਸਮਝ ਸਕਣਗੇ।ਸਾਡੇ 10 ਗੁਰੂ ਸਾਹਿਬਾਨ ਨੇ 200 ਸਾਲ ਦੇ ਲੰਬੇ ਸਮੇਂ ਵਿੱਚ ਇਕ ਸੱਚਾ-ਸੁੱਚਾ ਗ੍ਰਹਿਸਥੀ ਜੀਵਨ ਜਿਉ ਕਿ ਦਸਿਆ ਕਿ ਗ੍ਰਹਿਸਥੀ ਜੀਵਨ ਜਿਉ ਕੇ ਪ੍ਰਮਾਤਮਾਂ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਨਾਲ ਹੀ ਸਾਰੇ ਸੰਸਾਰ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਵੀ ਇਹ ਸੱਭ ਕਰ ਸਕਦੇ ਹਨ। ਜੋ ਵੀ ਸ੍ਰੀ ਗੁਰੁ ਗਰੰਥ ਸਾਹਿਬ ਜੀ ਨੂੰ ਸਹੀ ਅਰਥ-ਭਾਵ ਨਾਲ ਪੜ੍ਹਕੇ ਸਮਝੇਗਾ ਤੇ ਉਸਤੇ ਅਮਲ ਕਰੇਗਾ ਉਸਨੂੰ ਇਸ ਜੀਵਨ ਦਾ ਅਸਲੀ ਮਕਸਦ ਸਮਝ ਆ ਜਾਵੇਗਾ ਅਤੇ ਉਸਦਾ ਜੀਵਨ ਸਫਲ ਹੋ ਜਾਵੇਗਾ।ਜੇਕਰ ਅਸੀਂ ਬੇਕਾਰ ਦਾ ਦਿਖਾਵਾ ਤੇ ਕਰਮ ਕਾਂਡ ਛੱਡਕੇ ਗੁਰੁ ਮਹਾਂਰਾਜ ਦਾ ਸੰਦੇਸ਼ ਆਪਣੇ ਬੱਚਿਆਂ ਤੇ ਬਾਕੀ ਸੰਸਾਰ ਨੂੰ ਪਹੁੰਚਾਣ ਦਾ ਯਤਨ ਕਰੀਏ ਤਾਂ ਸਾਰੀ ਲੋਕਾਈ ਹੀ ਸਿੱਖੀ ਸਰੂਪ ਨੂੰ ਅਪਣਾ ਸਕਦੀ ਹੈ।
ਗੁਰੁ ਚਰਨਾਂ ਦੀ ਧੂੜ,
ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org