ਮਹਾਪੁਰਸ਼ ਭਾਈ ਲਾਲੋ ਜੀ ਮਹਾਰਾਜ ਜੀ ਦੇ ਜੀਵਨ ਤੇ ਇਕ ਝਾਤ
ਮਹਾਪੁਰਸ਼ ਭਾਈ ਲਾਲੋ ਜੀ ਮਹਾਰਾਜ ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਮਨੁਖਤਾ ਨੂੰ ਇਸ ਸੰਸਾਰ ਤੇ ਆਉਣ ਤੇ ੰਿਜੰਦਗੀ ਜਿਉਣ ਦਾ ਜੋ ਸੰਦੇਸ਼ ਦੇਣਾ ਚਾਹੁੰਦੇ ਸਨ ਜਿਵੇਂ ਕਿ ਵਾਹਿਗੁਰੂ ਦਾ ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਮਾਈ ਕਰਨੀ ਅਤੇ ਵੰਡ ਛੱਕਣਾ ਆਦਿ, ਇਸ ਬਾਰੇ ਉਹ ਸਭ ਤੋਂ ਪਹਿਲਾਂ ਇਸਦੀ ਵਿਚਾਰ ਕਿਸੇ ਐਸੇ ਵਿਅਕਤੀ ਨਾਲ ਕਰਨੀ ਚਾਹੁੰਦੇ ਸਨ ਜੋ ਪਹਿਲਾਂ ਹੀ ਇਸਤਰਾਂ ਦਾ ਜੀਵਨ ਜਿਉ ਰਿਹਾ ਹੋਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰਧਿਆਨ ਹੋਏ ਤਾਂ ਉਹਨਾਂ ਨੇ ਭਾਈ ਲਾਲੋ ਜੀ ਨੂੰ ਆਪਣੇ ਵਿਚਾਰਾਂ ਮੁਤਾਬਕ ਪਾਇਆ ਤਾਂ ਉਹਨਾਂ ਨੇ ਇਸ ਨੇਕ ਕਮਾਈ ਕਰਨ ਵਾਲੇ ਇਨਸਾਨ ਨੂੰ ਮਿਲ ਕੇ ਆਪਣੇ ਫਲਸਫੇ ਤੋਂ ਜਾਣੂ ਕਰਾਇਆ ਅਤੇ ਇਸਦਾ ਪ੍ਰਚਾਰ ਸਾਰੇ ਸੰਸਾਰ ਨੂੰ ਕਰਨ ਦਾ ਵਿਚਾਰ ਵੀ ਦੱਸਿਆ ਤਾ ਕਿ ਬਾਕੀ ਸੰਸਾਰ ਨੂੰ ਭਰਮ-ਭੁਲੇਖੇ, ਝੂਠ ਤੇ ਜੋਰ ਜੁਲਮ ਦੀ ਦੁਨੀਆਂ ਤੋਂ ਮੋੜ ਕੇ ਵਾਹਿਗੁਰੂ ਦੀ ਯਾਦ, ਸੱਚ, ਪਿਆਰ ਤੇਨੇਕ ਕਮਾਈ ਵੱਲ ਲਾਇਆ ਜਾਵੇ। ਆਪਣੇ ਇਸ ਮਿਸ਼ਨ ਦੀ ਸ਼ੁਰੂਆਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਪਾਸ ਗਏ ਸਨ। ਭਾਈ ਲਾਲੋ ਜੀ ਗੁਰੂ ਜੀ ਤੋਂ ਉਮਰ ਵਿਚ ਤਕਰੀਬਨ 17 ਕੁ ਸਾਲ ਵੱਡੇ ਸਨ।ਇਤਹਾਸ ਮੁਤਾਬਕ ਭਾਈ ਲਾਲੋ ਜੀ ਦਾ ਜਨਮ ਮੰਗਲਵਾਰ 11 ਅੱਸੂ, ਸੰਮਤ 1509, ਈਸਵੀ ਸੰਨ 1452 ਨੂੰ ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ), ਏਮਨਾਬਾਦ (ਜਿਸਨੂੰ ਉਸ ਵੇਲੇ ਸੈਦਪੁਰ ਆਖਦੇ ਸਨ) ਵਿਖੇ ਮਾਤਾ ਬੀਬੀ ਖੇਮੋਂ ਦੀ ਕੁੱਖੋਂ ਪਿਤਾ ਭਾਈ ਜਗਤ ਰਾਮ ਘਟਾਉੜੇ ਦੇ ਘਰ ਹੋਇਆ। ਆਪਜੀ ਸ਼ੁਰੂ ਤੋਂ ਹੀ ਸਾਧੂ ਸੁਭਾ ਤੇ ਰਹਿਮ ਦਿਲ ਵਾਲੇ ਸਨ । ਹਰਇਕ ਦੇ ਕੰਮ ਆਉਣ ਵਾਲੇ ਤੇ ਪਰਮਾਤਮਾਂ ਨੂੰ ਹਰ ਵੇਲੇ ਯਾਦ ਰਖਦੇ ਸਨ। ਆਪਜੀ ਲਕੜੀ ਦੇ ਕੰਮ ਦੇ ਮਾਹਿਰ ਸਨ ਅਤੇ ਹਕੀਮੀ ਦਾ ਵੀ ਸ਼ੌਕ ਸੀ ।ਆਪਣੇ ਲਕੜੀ ਦੇ ਕੰਮ ਤੋਂ ਜੋ ਕਮਾਈ ਹੁੰਦੀ ਸੀ ਉਸ ਨਾਲ ਲੋਕਾਂ ਦਾ ਦਵਾ-ਦਾਰੂ ਮੁਫਤ ਕਰਦੇ ਸਨ। ਇਸਤਰਾਂ ਮਨੁਖਤਾ ਦੀ ਸੇਵਾ ਕਰਨਾ ਆਪਦਾ ਨਿਯਮ ਬਣਿਆ ਹੋਇਆ ਸੀ।ਇਸਦੇ ਨਾਲ ਹੀ ਆਪਣੇ ਘਰ ਦੇ ਵਿਹੜੇ ਵਿਚ ਇਕ ਖੂਹੀ ਵੀ ਬਨਵਾਈ ਹੋਈ ਸੀ ਜਿਸਦੇ ਠੰਡੇ ਮਿਠੇ ਪਾਣੀ ਨਾਲ ਹਰ ਆਏ ਗਏ ਦੀ ਪਿਆਸ ਵੀ ਬੁਝਾਂਦੇ ਸਨ।ਕਹਿੰਦੇ ਹਨ ਕਿ ਅਜ ਵੀ ਇਸ ਖੂਹੀ ਦਾ ਜਲ ਇਕ ਅਕਸੀਰ ਦੀ ਤਰਾਂ ਹੈ ਜੋ ਵੀ ਰੋਗੀ ਇਸਦੇ ਜਲ ਨੂੰ ਛਕਦਾ ਹੈ ਜਾਂ ਇਸ ਨਾਲ ਅਸ਼ਨਾਨ ਕਰਦਾ ਹੈ ਉਸਦੇ ਕਈ ਰੋਗ ਕੱਟੇ ਜਾਂਦੇ ਹਨ। ਇਸਤਰਾਂ ਆਪਜੀ ਆਪਣੇ ਇਲਾਕੇ ਵਿਚ ਬਹੁਤ ਹਰਮਨ ਪਿਆਰੇ ਸਨ ਅਤੇ ਹਰ ਕੋਈ ਆਪਜੀ ਦੀ ਉਸਤਤ ਕਰਦਾ ਸੀ।
ਜਦੋਂ 1507 ਈਸਵੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਭਾਈ ਮਰਦਾਨਾਂ ਜੀ ਨੂੰ ਨਾਲ ਲੈਕੇ ਸੈਦਪੁਰ (ਏਮਨਾਬਾਦ) ਭਾਈ ਲਾਲੋ ਜੀ ਪਾਸ ਪਹੁੰਚੇ ਤਾਂ ਉਹਨਾਂ ਭਾਈ ਜੀ ਪਾਸ 22 ਦਿਨ ਨਿਵਾਸ ਕੀਤਾ।ਭਾਈ ਲਾਲੋ ਜੀ ਨੇ ਗੁਰੂ ਜੀ ਦੇ ਅਰਾਮ ਲਈ ਨਵੀਂ ਮੰਜੀ ਤਿਆਰ ਕੀਤੀ ਤੇ ਗੁਰੂ ਜੀ ਨੇ ਇਸ ਮੰਜੀ ਤੇ ਵਿਸ਼ਰਾਮ ਕੀਤਾ।ਬਾਅਦ ਵਿਚ ਗੁਰੁ ਜੀ ਦੇ ਹੁਕਮ ਅਨੁਸਾਰ ਇਸ ਮੰਜੀ ਤੋਂ ਹੀ ਸਿੱਖੀ ਦੇ ਪ੍ਰਚਾਰ ਤੇ ਸੇਵਾ ਦਾ ਕੰਮ ਜਾਰੀ ਰੱਖਿਆ ਗਿਆ।ੇ ਇਹ ਆਪਣੇ ਜਗਤ ਗੁਰੂ ਦੇ ਪਿਆਰ ਤੇ ਸਤਿਕਾਰ ਦੀ ਇਕ ਦਾਸਤਾਂਨ ਹੈ ਜਿਸਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਏਮਨਾਬਾਦ ਵਿਚ 22 ਦਿਨ ਭਾਈ ਲਾਲੋ ਦੇ ਘਰ ਨਿਵਾਸ ਦੁਰਾਨ ਹੀ ਉਥੋਂ ਦੇ ਹਾਕਮ ਜਾਲਮ ਖਾਨ ਦਾ ਮਲਿਕ ਭਾਗੋ ਨਾਂ ਦਾ ਅਹਿਲਕਾਰ ਸੀ ਜੋ ਕਿ ਹਕੂਮਤ ਦੇ ਨਸ਼ੇ ਵਿਚ ਬਹੁਤ ਜੁਲਮ ਤੇ ਜਬਰ ਕਰਕੇ ਧੰਨ ਦੌਲਤ ਇਕੱਠੀ ਕਰਦਾ ਸੀ ਤੇ ਉਸਦਾ ਲੜਕਾ ਜਗਜੀਵਨ ਮਲਿਕ ਆਪਣੇ ਪਿਉ ਤੋਂ ਵੀ ਚਾਰ ਕਦਮ ਅੱਗੇ ਸੀ ।ਇਹ ਪੂਰਾ ਅਯਾਸ਼ ਸੀ ਤੇ ਪਿੰਡ ਦੀ ਕਿਸੇ ਧੀ ਭੈਣ ਨੂੰ ਨਹੀਂ ਸੀ ਬਖਸ਼ਦਾ।ਉਥੋਂ ਦੇ ਖੁਸ਼੍ਹਾਲੇ ਦੀ ਧੀ ਹੁਕਮੀ ਭਰ ਜਵਾਨ ਤੇ ਬਹੁਤ ਸੁੰਦਰ ਸੀ, ਮਲਿਕ ਦਾ ਮੁੰਡਾ ਉਸਨੂੰ ਜਬਰਦਸਤੀ ਚੁੱਕ ਕੇ ਆਪਣੀ ਹਵੇਲੀ ਵਿੱਚ ਲੈ ਗਿਆ ਤੇ ਉਸ ਨਾਲ ਬਦਫੈਲੀ ਕਰਨੀ ਚਾਹੀ ਪਰ ਉਹ ਉਸਦੇ ਚੁੰਗਲ ਵਿੱਚੋਂ ਬਚਕੇ ਹਵੇਲੀ ਦੀ ਦਿਵਾਰ ਤੋਂ ਬਾਹਰ ਛਾਲ ਮਾਰ ਕੇ ਮਰ ਗਈ । ਸਾਰੇ ਇਲਾਕੇ ਵਿਚ ਰੌਲਾ ਪੈ ਗਿਆ ਕਿ ਮਲਿਕ ਦੀ ਹਵੇਲੀ ਤੋਂ ਹੁਕਮੀ ਨਾਂ ਦੀ ਮੁਟਿਆਰ ਡਿੱਗ ਕੇ ਮਰ ਗਈ, ਉਸਦੇ ਮਾਪੇ ਰੋ ਰੋ ਕੇ ਸ਼ੁਦਾਈ ਹੋ ਗਏ।ਉਹਨਾਂ ਦਾ ਧੀ ਦੇ ਵੇਰਾਗ ਵਿਚ ਦਿਮਾਗੀ ਸੰਤੁਲਨ ਵਿਗੜ ਗਿਆ ਤੇ ਉਸਦਾ ਪਿਤਾ ਹਰ ਮਿਲਣ ਵਾਲੇ ਨੂੰ ਕਹਿਣ ਲਗ ਪਿਆ ਕਿ ਮਲਿਕ ਦੇ ਮਹਿਲਾਂ ਵਿਚ ਭੁਤ ਤੇ ਚੜੇਲਾਂ ਵਸਦੀਆਂ ਹਨ, ਏਥੇ ਲੋਕਾਂ ਨੂੰ ਮਾਰਕੇ ਉਹਨਾਂ ਦਾ ਖੁਨ ਪੀਤਾ ਤੇ ਹੱਡੀਆਂ ਚੱਬੀਆਂ ਜਾਂਦੀਆਂ ਹਨ, ਲੋਕੋ ਇਸ ਹਵੇਲੀ ਤੋਂ ਬਚ ਕੇ ਰਹੋ।ਹੁਕਮੀ ਦੀ ਮਾਂ ਵੀ ਉਸਨੂੰ ਬਦਅਸੀਸਾਂ ਦੇ ਰਹੀ ਸੀ ਤੇ ਕਹਿ ਰਹੀ ਸੀ ਕਿ ਮੇਰੀ ਧੀ ਨੂੰ ਮਾਰਨ ਵਾਲਿਆ ਤੈਨੂੰ ਮਿਰਗੀ ਪਵੇ ਤੇ ਤੰੂ ਤੜਫ ਤੜਫ ਕੇ ਮਰੇਂ।ਰੱਬ ਦਾ ਭਾਣਾ ਅੇਸਾ ਹੋਇਆ ਕਿ ਉਸਦੀ ਫਰਿਆਦ ਸੁਣੀ ਗਈ ਤੇ ਮਲਿਕ ਦੇ ਮੁੰਡੇ ਨੂੰ ਦੰਦਨਾਂ ਪੈਣੀਆਂ ਸ਼ੁਰੂ ਹੋ ਗਈਆਂ।ਇਲਾਕੇ ਦੇ ਨਾਮੀ ਗਰਾਮੀ ਵੈਦ ਹਕੀਮ ਸੱਦੇ ਗਏ ਪਰ ਸੱਭ ਵਿਅਰਥ । ਫਿਰ ਉਥੋਂ ਦੇ ਪੰਡਤਾਂ ਤੇ ਜੋਤਸ਼ੀਆਂ ਨੂੰ ਸੱਦਿਆ ਗਿਆ, ਪੰਡਤਾਂ ਤੇ ਜੋਤਸ਼ੀਆਂ ਨੇ ਆਪਣੇ ਹਿਸਾਬ ਲਾਕੇ ਦੱਸਿਆ ਕਿ ਕਾਕੇ ਕੋਲੋਂ ਕੋਈ ਬਹੁਤ ਵੱਡਾ ਪਾਪ ਹੋ ਗਿਆ ਹੈ, ਇਸ ਲਈ ਭਾਰੀ ਕਸ਼ਟ ਹੈ। ਇਸ ਕਸ਼ਟ ਦੇ ਨਿਵਾਰਨ ਲਈ ਇਕ ਬਹੁਤ ਵੱਡਾ ਬੱਰਮ ਭੋਜ ਕੀਤਾ ਜਾਣਾ ਚਾਹੀਦਾ ਹੈ।ਬਰੱਮ ਭੋਜ ਲਈ ਇਲਾਕੇ ਦੇ ਸਾਰੇ ਲੋਕਾਂ, ਸਾਧੂ, ਸੰਤਾਂ, ਫਕੀਰਾਂ ਨੂੰ ਸੱਦਾ ਦਿੱਤਾ ਜਾਵੇ। ਇਸ ਤਰਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਸਦਿਆ ਗਿਆ ਪਰ ਗੁਰੂ ਜੀ ਨੈ ਭੋਜ ਖਾਣ ਤੋਂ ਇਨਕਾਰ ਕਰ ਦਿੱਤਾ । ਗੁਰੂ ਜੀ ਤਾਂ ਦਸਾਂ ਨੌਹਾਂ ਦੀ ਸੱਚੀ ਸੱੁਚੀ ਕਿਰਤ ਕਮਾਈ ਦੀ ਰੋਟੀ ਖਾਣ ਦੀ ਸ਼ਿਖਸ਼ਾ ਦਂੇਦੇ ਸਨ ਤਾ ਕਿ ਕੋਈ ਕਿਸੇ ਦਾ ਹੱਕ ਮਾਰਕੇ ਨਾ ਖਾਵੇ। ਉਹ ਭਲਾ ਇਸ ਬਰੱਮ ਭੋਜ ਨੂੰ ਕਿਵੇਂ ਸਵੀਕਾਰ ਕਰ ਸਕਦੇ ਸਨ।ਗੁਰੂ ਜੀ ਦੇ ਇਨਕਾਰ ਕਰਨ ਤੇ ਮਲਿਕ ਦੇ ਆਦਮੀ ਉਹਨਾਂ ਨੂੰ ਜਬਰੀ ਆਪਣੇ ਨਾਲ ਲੈਕੇ ਗਏ ਤਾਂ ਮਲਿਕ ਨੇ ਇਨਕਾਰ ਦਾ ਕਾਰਨ ਜਾਨਣਾ ਚਾਹਿਆ ਤਾਂ ਗੁਰੂ ਜੀ ਨੇ ਉਸਨੂੰ ਦੱਸਿਆ ਕਿ ਉਸਦੀ ਸਾਰੀ ਧੰਨ ਦੌਲਤ ਗਰੀਬਾਂ ਤੇ ਮਜਲੂਮਾਂ ਦਾ ਖੁਨ ਚੂਸ ਚੂਸ ਕੇ ਇਕੱਠੀ ਕੀਤੀ ਗਈ ਹੈ ਤੇ ਅਸੀਂ ਅਜਿਹੀ ਕਮਾਈ ਦਾ ਭੋਜ ਨਹੀਂ ਖਾਂਦੇ।ਇਹ ਸੁਣਕੇ ਮਲਿਕ ਭਾਗੋ ਬਹੁਤ ਗੁੱਸੇ ਵਿਚ ਆਇਆ ਤੇ ਕਹਿਣ ਲੱਗਾ ਕਿ ਇਹ ਕਿਵੇਂ ਹੋ ਸਕਦਾ ਹੈ ਤੁਸੀਂ ਇਸਨੂੰ ਸਾਬਤ ਕਰਕੇ ਦੱਸੋ। ਤਾਂ ਗੁਰੂ ਜੀ ਨੇ ਉਸਦੇ ਬੱਰਮ ਭੋਜ ਦੇ ਖਾਣੇ ਇਕ ਹੱਥ ਵਿੱਚ ਫੜ੍ਹ ਕੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਮੰਗਵਾ ਕੇ ਫੜ੍ਹਕੇ ਨਿਚੋੜਿਆ ਤਾਂ ਮਲਿਕ ਭਾਗੋ ਦੇ ਖਾਣੇ ਵਿਚੋਂ ਖੂੰਨ ਤੇ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਦੀ ਧਾਰਾ ਬਹਿ ਤੁਰੀ।ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਮਲਿਕ ਭਾਗੋ ਦੀਆਂ ਅੱਖਾਂ ਖੁਲ ਗਈਆਂ, ਹੰਕਾਰ ਦਾ ਪਰਦਾ ਉਤਰ ਗਇਆ ਤੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਕਹਿਣ ਲੱਗਾ ਕਿ ਕਿਰਪਾ ਕਰਕੇ ਉਸਦੇ ਪੁਤੱਰ ਦੇ ਕਸ਼ਟ ਦੂਰ ਕਰਨ ਦਾ ਉਪਾਉ ਦੱਸੋ ਤਾਂ ਗੁਰੂ ਜੀ ਨੇ ਕਿਹਾ ਕਿ ਸਾਰੀ ਪਾਪ ਦੀ ਕਮਾਈ ਗਰੀਬਾਂ ਨੂੰ ਵਾਪਿਸ ਕਰੋ ਤੇ ਕਹੋ ਸਤਿਕਰਤਾਰ।ਸਾਰੇ ਮਾੜੇ ਕਰਮ ਬੰਦ ਕਰੋ ਤੇ ਵਾਹਿਗੁਰੂ ਦਾ ਜਾਪ ਕਰੋ। ਹੁਣ ਸਤਿਕਰਤਾਰ ਕਹਿਕੇ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਦਾ ਟੁਕੜਾ ਆਪਣੇ ਲੜਕੇ ਦੇ ਮੰੂਹ ਵਿਚ ਪਾਉ, ਇਸਤਰਾਂ ਉਹ ਹੁਣ ਠਕਿ ਹੋਣਾ ਸ਼ੁਰੂ ਹੋ ਗਿਆ ਅਤੇ ਅੱਗੋਂ ਲਈ ਮਾੜੇ ਕਰਮਾਂ ਤੋਂ ਤੋਬਾ ਕੀਤੀ ।ਗੁਰੂ ਜੀ ਨੇ ਮਲਿਕ ਭਾਗੋ ਜਹੇ ਹਰ ਇਨਸਾਨ ਨੂੰ ਨੇਕੀ ਤੇ ਬਦੀ ਦੀ ਕਮਾਈ ਦਾ ਫਰਕ ਸਮਝਾਇਆ ਅਤੇ ਭਾਈ ਲਾਲੋ ਦੀ ਕਮਾਈ ਦੀ ਪ੍ਰਸ਼ੰਸਾ ਕੀਤੀ।ਇਸਤਰਾਂ ਇਹ ਮਾਣ ਵੀ ਭਾਈ ਲਾਲੋ ਜੀ ਦੀ ਨੇਕ ਕਮਾਈ ਨੂੰ ਹੀ ਪ੍ਰਾਪਤ ਹੋਇਆ ।
ਭਾਈ ਲਾਲੋ ਜੀ ਦੀ ਇਕਲੌਤੀ ਪੱੁਤਰੀ ਬੀਬੀ ਰੱਜੋ ਸੀ ਜਿਸਦਾ ਵਿਆਹ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਉਦਾਸੀ 1517 ਈਸਵੀ ਸਮੇਂ ਜਦੋਂ ਗੁਰੂ ਜੀ ਭਾਈ ਲਾਲੋ ਜੀ ਪਾਸ ਆਏ ਸਨ, ਹੋਇਆ ਦੱਸਿਆ ਜਾਂਦਾ ਹੈ।ਇਹ ਵਿਵਾਹ ਗੁਰੂ ਨਾਨਕ ਦੇਵ ਜੀ ਨੇ ਆਪ ਬਾਣੀ ਉਚਾਰਣ ਕਰਕੇ ਕੀਤਾ ਜੋ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨਾਂ 351 ਰਾਗ ਆਸਾ ਮਹਲਾ 1 ਵੱਜੋਂ ਦਰਜ ਹੈ ਤੇ ਇਸਤਰਾਂ ਭਾਈ ਲਾਲੋ ਜੀ ਦੇ ਘਰੋਂ ਹੀ ਗੁਰਮਤਿ ਅਨੁਸਾਰ ਵਿਆਹ ਕਰਨ ਦੀ ਰੀਤ ਦੀ ਸ਼ੁਰੂਆਤ ਕੀਤੀ ਗਈ।ਇਹ ਵੀ ਕਿੱਡੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ।ਗੁਰੁ ਜੀ ਆਪਣੀ ਉਦਾਸੀ ਜਾਂ ਪ੍ਰਚਾਰ ਯਾਤਰਾ ਸ਼ੁਰੂ ਕਰਨ ਤੋ ਪਹਿਲਾਂ ਤੀਸਰੀ ਵਾਰ ਫਿਰ ਭਾਈ ਲਾਲੋ ਜੀ ਪਾਸ ਆਏ ਸਨ । ਇਸ ਦੁਰਾਨ ਬਾਬਰ ਨੇ ਭਾਰਤ ਤੇ ਹਮਲਾ ਕਰਕੇ ਬਹੁਤ ਤਬਾਹੀ ਮਚਾਈ , ਜੁਲਮ ਤੇ ਜਬਰ ਦੀ ਹਨੇਰੀ ਵਗਾਈ । ਇਹ ਮੰਜਰ ਗੁਰੂ ਜੀ ਨੇ ਆਪਣੀ ਅੱਖੀਂ ਦੇਖਿਆ ਅਤੇ ਇਸਦਾ ਵਰਨਣ ਰੱਬੀ ਬਾਣੀ ਰਾਹੀਂ ਆਪਣੇ ਪਿਆਰੇ ਤੇ ਪਹਿਲੇ ਸਿੱਖ ਭਾਈ ਲਾਲੋ ਜੀ ਨੂੰ 7 ਵਾਰ ‘ਵੇ ਲਾਲੋ’ ਕਹਿ ਕੇ ਪੁਕਾਰਿਆ।ਇਹ ਸ਼ਬਦ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪੰਨਾਂ 722-23 ਤੇ ਤਿਲੰਗ ਮਹਲਾ 1 ਵਜੋਂ ਦਰਜ ਹੈ।ਗੁਰੁ ਜੀ ਵੱਲੋਂ ਆਪਣੀ ਬਾਣੀ ਵਿਚ ਆਪਣੇ ਕਿਸੇ ਪਿਆਰੇ ਨੂੰ 7 ਵਾਰ ਨਾਂ ਲੈਕੇ ਪੁਕਾਰਨਾਂ ਵੀ ਭਾਈ ਲਾਲੋ ਜੀ ਦੇ ਹਿੱਸੇ ਹੀ ਅਇਆ ਹੈ। ਇਹ ਵੀ ਇਕ ਹੋਰ ਬਹੁਤ ਮਾਣ ਤੇ ਸਤਿਕਾਰ ਵਾਲੀ ਗੱਲ ਹੈ।ਸਿੱਖਾਂ ਨੇ ਗੁਰੁ ਨਾਨਕ ਜੀ ਨੂੰ ਬਾਬਰ ਦੇ ਜੁਲਮਾਂ ਤੋਂ ਬਚਣ ਲਈ ਕੋਈ ਉਪਾਵ ਪੁਛਿਆ ਤਾਂ ਗੁਰੁ ਜੀ ਨੇ ਕਿਹਾ ਜੋ ਲੋਗ ਪਿੰਡ ਛੱਡਕੇ ਸਾਹਮਣੇ ਉੱਚੇ ਇੱਲੇ ਤੇ ਚਲੇ ਜਾਣਗੇ ਤਾਂ ਬਚ ਜਾਣਗੇ। ਗੁਰੁ ਜੀ ਆਪ ਵੀ ਭਾਈ ਲਾਲੋ ਜੀ ਨਾਲ ਉਸ ਟਿੱਲੇ ਤੇ ਚਲੇ ਗਏ ਜੋ ਕਿ ਰੋੜਾਂ ਵਾਲਾ ਟਿੱਲਾ ਸੀ। ਇਥੇ ਗੁਰੁ ਜੀ ਰੋੜਾਂ ਵਾਲੀ ਜਮੀਨ ਤੇ ਨਿਵਾਸ ਕੀਤਾ। ਇੱਥੇ ਹੀ ਅੱਜਕਲ ਗੁਰਦਵਾਰਾ ਰੋੜੀ ਸਾਹਿਬ ਸ਼ਸੋਬਤ ਹੈ।ਭਾਈ ਲਾਲੋ ਜੀ ਆਪਣਾ ਬੁਢੇਪਾ ਬਤੀਤ ਕਰਨ ਲਈ ਆਪਣੀ ਇਕਲੌਤੀ ਬੇਟੀ ਦੇ ਸਹੁਰੇ ਪਿੰਡ ਤਤਲੇ ਵਾਲੀ, ਜਿਲ੍ਹਾ ਗੁਜਰਾਂਵਾਲਾ, ਪਾਕਿਸਤਾਨ, ਵਿਖੇ ਆ ਗਏ ਸਨ ਤੇ ਇੱਥੇ ਹੀ 1531 ਈਸਵੀ ਨੂੰ ਸੱਚਖੰਡ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ।
ਭਾਈ ਲਾਲੋ ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲਾਂ ਸਪਸ਼ਟ ਤੌਰ ਤੇ ਸਾਹਮਣੇ ਆਉਂਦੀਆਂ ਹਨ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਦੇ ਗ੍ਰਹਿਸਥੀ ਜੀਵਨ, ਨੇਕ ਕਿਰਤ ਕਮਾਈ, ਵੰਡ ਛਕਣਾਂ, ਦੁਖੀਆਂ ਦਾ ਦਵਾ ਦਾਰੂ ਕਰਨਾ, ਆਏ ਗਏ ਦੀ ਸੇਵਾ ਕਰਨੀ ਅਤੇ ਵਾਹਿਗੁਰੂ ਦਾ ਨਾਮ ਜਪਣਾ ਆਦਿ ਨੂੰ ਪ੍ਰਵਾਨਗੀ ਦਿੱਤੀ ਅਤੇ ਬਾਕੀ ਸੰਸਾਰ ਦੇ ਜੀਵਾਂ ਨੂੰ ਵੀ ਇਸਤਰਾਂ ਦਾ ਜੀਵਨ ਜਿਉਣ ਦੀ ਸ਼ਿਖਸ਼ਾ ਦਿੱਤੀ।ਗੁਰੁ ਜੀ ਨੇ ਭਾਈ ਸਾਹਿਬ ਜੀ ਨੂੰ ਬਹੁਤ ਸਾਰੇ ਮਾਣ ਵੀ ਬਖਸ਼ਿਸ਼ ਕੀਤੇ ਜਿਵੇਂ ਕਿ ਆਪਣਾ ਪ੍ਰਚਾਰ ਅਭਿਆਨ ਜਾਂ ਉਦਾਸੀਆਂ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਲਾਲੋ ਜੀ ਪਾਸ ਆਉਣਾ, ਪ੍ਰਚਾਰ ਸਬੰਧੀ ਵਿਚਾਰਾਂ ਕਰਨੀਆਂ ਅਤੇ ਤਕਰੀਬਨ ਗਿਆਰਾਂ ਮਹੀਨੇ ਨਿਵਾਸ ਕਰਨਾ।ਭਾਈ ਜੀ ਦੀ ਹੱਥੀਂ ਕੀਤੀ ਨੇਕ ਕਿਰਤ ਕਮਾਈ ਦੀ ਰੋਟੀ ਨੂੰ ਪਰਵਾਨ ਕਰਕੇ ਉਸਦੀ ਪ੍ਰਸ਼ੰਸ਼ਾ ਸਾਰੇ ਜਗਤ ਵਿੱਚ ਕਰਨੀ।ਉਹਨਾਂ ਦੀ ਬੇਟੀ ਦਾ ਵਿਆਹ ਕਰਕੇ ਗੁਰਮਤਿ ਵਿਆਹ ਦਾ ਚਲਨ ਸ਼ੁਰੂ ਕਰਨਾ।ਭਾਈ ਲਾਲੋ ਜੀ ਦੇ ਜੀਵਨ ਬਾਰੇ ਵਖਿਆਨ ਕਰਦਿਆਂ ਅਜੋਕੇ ਪ੍ਰਚਾਰਕ ਕਈ ਵਾਰ ਇਸਤਰਾਂ ਬਿਆਨ ਕਰਦੇ ਹਨ ਕਿ ਭਾਈ ਜੀ ਅੱਤ ਦੇ ਗਰੀਬ ਤਰਖਾਣ ਸਨ ਤੇ ਉਹ ਕੋਧਰੇ ਦੀ ਰੋਟੀ ਖਾਕੇ ਗੁਜਾਰਾ ਕਰਦੇ ਸਨ।ਗਰੀਬ ਜਾਣਕੇ ਗੁਰੂ ਜੀ ਉਸਦਾ ਉਧਾਰ ਕਰਨ ਲਈ ਉਸ ਪਾਸ ਗਏ ਸਨ ।ਇਸਤਰਾਂ ਭਾਈ ਜੀ ਨੂੰ ਨੀਚਾ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ।ਪਰ ਜਦੋਂ ਅਸੀਂ ਹਕੀਕਤ ਤੇ ਵਿਚਾਰ ਕਰਦੇ ਹਾਂ ਤਾਂ ਇਹ ਗੱਲਾਂ ਗਲਤ ਸਾਬਤ ਹੁੰਦੀਆਂ ਹਨ ।ਪਹਿਲੀ ਗੱਲ ਇਹ ਹੈ ਕਿ ਭਾਈ ਜੀ ਦਾ ਮਕਾਨ 7 ਮਰਲਿਆਂ ਦਾ ਸੀ ਤੇ ਉਸ ਵਿੱਚ ਖੂਹੀ ਲੱਗੀ ਹੋਈ ਸੀ।ਉਹ ਤਰਖਾਣਾ ਕੰਮ ਕਰਦੇ ਸਨ ਅਤੇ ਹਿਕਮਤ ਦੇ ਮਾਹਿਰ ਸਨ।ਉਹਨਾਂ ਗੁਰੁ ਜੀ ਦੇ ਪਹਿਲੇ 22 ਦਿਨ ਨਿਵਾਸ ਦੁਰਾਨ ਨਵੀਂ ਮੰਜੀ ਤਿਆਰ ਕਰਕੇ ਗੁਰੁ ਜੀ ਦਾ ਸਤਿਕਾਰ ਕੀਤਾ।ਕੀ ਕੋਈ ਅੱਤ ਦਾ ਗਰੀਬੜਾ ਇਹ ਸਭ ਕਰ ਸਕਦਾ ਹੈ? ਦੂਸਰੀ ਗੱਲ ਕੋਧਰੇ ਦੀ ਰੋਟੀ ਨੂੰ ਅਤਿ ਗਰੀਬਾਂ ਦਾ ਖਾਣਾ ਕਹਿਣਾ।ਦੁਨੀਆਂ ਦੇ ਹਰ ਇਲਾਕੇ ਦੀ ਆਪਣੀ ਆਪਣੀ ਫਸਲ ਜਾਂ ਅਨਾਜ ਮੁਤਾਬਕ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਸਾਡੇ ਮੁਲਕ ਦੇ ਮੈਦਾਨੀ ਇਲਾਕੇ ਵਿਚ ਕਣਕ, ਸਮੂੰਦਰੀ ਕੰਢਿਆਂ ਲਾਗੇ ਚਾਵਲ, ਪਹਾੜੀ ਇਲਾਕਿਆਂ ਵੱਲ ਮੱਕੀ, ਰੇਤਲੇ ਤੇ ਖੁਸ਼ਕ ਇਲਾਕਿਆਂ ਵਿੱਚ ਜਵਾਰ, ਬਾਜਰਾ ਅਤੇ ਕੋਧਰਾ ਆਦਿ ।ਅੱਜ ਸਾਇੰਦਾਨਾ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਮੋਟੇ ਅਨਾਜ ਸਿਹਤ ਲਈ ਬਹੁਤ ਚੰਗੇ ਹਨ ਅਤੇ ਹਰ ਇਕ ਨੂੰ ਖਾਣੇ ਚਾਹੀਦੇ ਹਨ ।ਸੋ ਕਿਸੇ ਇਕ ਅਨਾਜ ਨੂੰ ਮਾੜਾ ਤੇ ਗਰੀਬਾਂ ਦਾ ਖਾਣਾ ਕਹਿਣਾ ਠੀਕ ਨਹੀਂ ਹੈ।
ਜਦੋਂ ਪਹਿਲੇ ਦਿਨ ਭਾਈ ਲਾਲੋ ਜੀ ਨੇ ਕੋਧਰੇ ਦੀ ਰੋਟੀ ਸ੍ਰੀ ਗੁਰੁ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਖਾਣ ਲਈ ਦਿੱਤੀ ਤਾਂ ਭਾਈ ਮਰਦਾਨਾ ਜੀ ਨੇ ਰੋਟੀ ਖਾਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਿਆਦਾ ਨਹੀਂ ਤਾਂ ਇਕ ਰੋਟੀ ਖਾ ਲਵੋ ਨਾਂਹ ਕਰਨ ਤੇ ਕਿਹਾ ਕਿ ਇਕ ਨਹੀਂ ਤਾਂ ਅੱਧੀ ਖਾ ਲਵੋ, ਫਿਰ ਨਾਂਹ ਕਰਨ ਤੇ ਮੁੜ ਕਿਹਾ ਕਿ ਅੱਧੀ ਨਹੀਂ ਤਾਂ ਚੌਥਾ ਹਿੱਸਾ ਖਾ ਲਵੋ, ਫਿਰ ਨਾਂਹ ਕਰਨ ਤੇ ਅਖੀਰ ਤੇ ਜੋਰ ਦੇ ਕੇ ਕਿਹਾ ਕਿ ਇਕ ਗਰਾਹੀ ਹੀ ਖਾ ਕੇ ਤਾਂ ਦੇਖੋ।ਹੁਣ ਜਦੋਂ ਭਾਈ ਮਰਦਾਨਾਂ ਜੀ ਨੇ ਰੋਟੀ ਦੀ ਇਕ ਬੁਰਕੀ ਖਾਧੀ ਤਾਂ ਉਹ ਸਵਾਦ ਅਤੇ ਅਨੰਦ ਆਇਆ ਕਿ ਹੁਣ ਸਾਰੀ ਰੋਟੀ ਦੀ ਮੰਗ ਕਰਨ ਲੱਗਾ।ਇਸ ਕੋਧਰੇ ਦੀ ਰੋਟੀ ਨੂੰ ਗੁਰੂ ਜੀ ਨੇ ਮਲਿਕ ਭਾਗੋ ਦੇ ਖਾਣਿਆਂ ਦੇ ਮੁਕਾਬਲੇ ਦੁੱਧ ਤੇ ਅੰਮ੍ਰਿਤ ਸਮਾਨ ਦੱਸ ਕੇ ਇਸਦੀ ਮਹਾਨਤਾ ਹੋਰ ਵੱਧਾ ਦਿੱਤੀ।ਇਸੇਤਰਾਂ ਜਦੋਂ ਏਮਨਾਬਾਦ ਦੇ ਫੌਜਦਾਰ ਜਾਲਮ ਖਾਂਨ ਦਾ ਇਕਲੌਤਾ ਪੁੱਤਰ ਸਖਤ ਬਿਮਾਰ ਹੋ ਗਿਆ ਤਾਂ ਹਰਤਰਾਂ ਦੇ ਇਲਾਜ ਦੇ ਬਾਵਜੂਦ ਉਸਦੇ ਬਚਣ ਦੀ ਕੋਈ ਆਸ ਨਾ ਰਹੀ ਤਾਂ ਉਸਨੇ ਗੁੱਸੇ ਵਿਚ ਆਕੇ ਇਲਾਕੇ ਦੇ ਸਾਰੇ ਵੈਦਾਂ, ਹਕੀਮਾਂ, ਪੀਰਾਂ, ਫਕੀਰਾਂ, ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾਂ ਤੇ ਭਾਈ ਲਾਲੋ ਜੀ ਸਮੇਤ ਸਭ ਨੂੰ ਬੰਦੀ ਬਨਾ ਕੇ ਆਪਣੇ ਪੁੱਤਰ ਦੇ ਠੀਕ ਹੋਣ ਲਈ ਅਰਦਾਸ ਕਰਨ ਲਈ ਕਿਹਾ।ਗੁਰੂੁ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਮਹਾਂਪੁਰਸ਼ਾਂ ਕੋਲੋਂ ਜਬਰਦਸਤੀ ਅਰਦਾਸ ਕਰਾਈ ਦਾ ਕੋਈ ਲਾਭ ਨਹੀਂ ਹੁੰਦਾ ਇਸ ਲਈ ਇਹਨਾਂ ਸਭ ਨੂੰ ਰਿਹਾ ਕਰਕੇ ਮੁਆਫੀ ਮੰਗੋ ਤਾਂ ਕੁਛ ਹੋ ਸਕਦਾ ਹੈ।ਜਦੋਂ ਜਾਲਮ ਖਾਂਨ ਨੇ ਅਪਣੀ ਭੱੁਲ ਬਖਸ਼ਾ ਕੇ ਸਭ ਨੂੰ ਰਿਹਾ ਕਰ ਦਿੱਤਾ ਤਾਂ ਗੁਰੂ ਜੀ ਨੇ ਭਾਈ ਲਾਲੋ ਨੂੰ ਕਿਹਾ ਕਿ ਆਪਣੇ ਘਰੋਂ ਜੂਠੀ ਰੋਟੀ ਦਾ ਇਕ ਟੁਕੜਾ ਲਿਆ ਕਿ ਇਸ ਲੜਕੇ ਦੇ ਮੂੰਹ ਵਿਚ ਪਾਉ ਤਾਂ ਜੋ ਇਹ ਠੀਕ ਹੋ ਜਾਵੇ।ਜੱਦੋਂ ਇਸੇਤਰਾਂ ਕੀਤਾ ਗਿਆ ਤਾਂ ਜਾਲਮ ਖਾਨ ਦਾ ਮੁੰਡਾ ਨੌਂ-ਬਰ-ਨੌਂ ਹੋ ਗਿਆ।ਇਸਤਰਾਂ ਫਿਰ ਗੁਰੂ ਜੀ ਨੇ ਆਪਣੀ ਬਖਸ਼ਿਸ਼ ਕਰਕੇ ਇਸ ਕੋਧਰੇ ਦੀ ਰੋਟੀ ਨੂੰ ਮਾਣ ਦਿੱਤਾ। ਆਓ ਸਾਰੇ ਆਪਣੇ ਮਹਾਪੁਰਸ਼ਾਂ ਦੇ ਜੀਵਨ ਤੋਂ ਆਪ ਵੀ ਸੇਧ ਲੈ ਕੇ ਆਪਣੇ ਜੀਵਨ ਵਿਚ ਅਮਲ ਵਿਚ ਲਿਆਈਏ ਅਤੇ ਆਪਣੇ ਬਚਿਆਂ ਨੂੰ ਵੀ ਅਮਲ ਕਰਨ ਦੀ ਪ੍ਰੇਰਣਾਂ ਦੇਈਏ।
ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org