ਵਿਸ਼ਵਕਰਮਾਂ ਬੰਸੀ ਪਛੜੇ ਨਹੀਂ, ਪਛਾੜੇ ਗਏ ਹਨ
ਪਛੜੇ ਵਰਗ ਦੀ ਗੱਲ ਕਰਦਿਆਂ ਸਭ ਤੋਂ ਪਹਿਲਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਪਛੜਿਆ ਕਿਸ ਨੂੰ ਕਹਿੰਦੇ ਹਨ। ਦਾਸ ਦੀ ਤੁੱਛ ਬੱਧੀ ਅਨੁਸਾਰ ਪਛੜਿਆ ਉਹ ਹੈ ਜਿਸਦਾ ਦਿਮਾਗ ਵਿਕਸਤ ਨਹੀਂ ਅਤੇ ਉਹ ਕੋਈ ਨਵਾਂ ਕੰਮ ਕਰਨਾ ਨਹੀਂ ਜਾਣਦਾ ਜਾਂ ਉਹ ਜੋ ਆਪਣੇ ਆਪ ਕੁਝ ਕਰਨਾ ਨਹੀਂ ਜਾਣਦਾ ਅਤੇ ਦੂਸਰਿਆਂ ਦੇ ਕੀਤੇ ਕੰਮਾਂ ਤੇਨਿਰਭਰ ਰਹਿ ਕਿ ਆਪਣੀ ਜਿੰਦਗੀ ਬਤੀਤ ਕਰਦਾ ਹੈ।ਇਸਦੇ ਉਲਟ, ਉਨੱਤ ਉਹ ਇਨਸਾਨ ਹਨ ਜਿਹਨਾਂ ਨੂੰ ਪ੍ਰਮਾਤਮਾਂ (ਵਿਸ਼ਵਕਰਮਾਂ) ਨੇ ਅਗਾਂਹਵੱਧੂ ਸੋਚ ਜਾਂ ਦਿਮਾਗ ਦਿੱਤਾ ਹੈ।ਉਹ ਆਪਣੇ ਅਗਾਂਹਵੱਧੂ ਦਿਮਾਗ ਜਾਂ ਸੋਚ ਦਾ ਇਸਤੇਮਾਲ ਕਰਕੇ ਇਸ ਦੁਨੀਆਂ ਨੂੰ ਨਿੱਤ ਨਵੀਆਂ ਕਾਢਾਂ ਕੱਢਕੇ, ਨਵੀਆਂ –ਨਵੀਆਂ ਇਸਤੇਮਾਲ ਦੀਆਂ ਚੀਜਾਂ ਬਣਾ ਕੇ ਦਿੰਦੇ ਹਨ ਜਿਸ ਨਾਲ ਹਰ ਇਨਸਾਨ ਤੇ ਜੀਵ ਦਾ ਜੀਵਨ ਪੱਧਰ ਬਦਲ ਰਿਹਾ ਹੈ, ਇਸ ਧਰਤੀ ਦਾ ਸਰੂਪ ਬਦਲ ਰਿਹਾ ਹੈ।ਵਿਸ਼ਵਕਰਮਾਂ ਦੇ ਅਨੁਆਈ (ਵਿਸ਼ਵਕਰਮਾਂ ਬੰਸੀ) ਇਸ ਸੰਸਾਰ ਦੀ ਉਸਾਰੀ ਤੇ ਬਣਤਰ ਵਿੱਚ ਅਹਿਮ ਹਿੱਸਾ ਪਾ ਰਹੇ ਹਨ। ਵਿਸ਼ਵਕਰਮਾਂ ਬੰਸੀ ਜਾਂ ਕਿਰਤੀ ਸਮਾਜ ਤੋਂ ਬਿਨਾ ਇਸ ਸੰਸਾਰ ਵਿਚ ਜੀਵਨ ਅੱਜ ਵੀ ਪੁਰਾਤਨ ਸਮਿਆਂ ਵਾਲਾ ਜੰਗਲੀ ਜੀਵਨ ਹੀ ਹੋਣਾ ਸੀ।ਇਸਤਰਾਂ ਕਿਰਤੀ ਸਮਾਜ ਜਾਂ ਵਿਸ਼ਵਕਰਮਾਂ ਬੰਸੀਆਂ ਦਾ ਦੁਨੀਆਂ ਵਿੱਚ ਸਭ ਤੋਂ ਉੱਚਾ ਦਰਜਾ ਹੋਣਾ ਚਾਹੀਦਾ ਸੀ ਪਰ ਹੋ ਇਸਦੇ ਉਲਟ ਰਿਹਾ ਹੈ ਜੋ ਕਿ ਬਹੁਤ ਅਫਸੋਸਨਾਕ ਤੇ ਸ਼ਰਮਨਾਕ ਹੈ । ਸਾਡੇ ਮੁਲਕ ਵਿੱਚ ਕਿਰਤੀ ਸਮਾਜ ਨੂੰ ਕੰਮੀ ਜਾਂ ਨੌਕਰ ਕਹਿ ਕਿ ਪੁਕਾਰਿਆ ਜਾਂਦਾ ਹੈ ਜਦੋਂ ਕਿ ਇਹ ਇਸ ਸੰਸਾਰ ਦੇ ਉਸਰਈਏ ਹਨ ਤੇ ਇਹਨਾਂ ਦਾ ਹਰਤਰਾਂ ਨਾਲ ਮਾਨ ਸਨਮਾਨ ਕਰਨਾ ਬਣਦਾ ਹੈ।ਇਸਤੌਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਵਿਸ਼ਵਕਰਮਾਂ ਬੰਸੀ ਉਨੱਤ, ਅਗਾਂਹ-ਵੱਧੂ ਤੇ ਇਸ ਸੰਸਾਰ ਦੇ ਉਸਰਈਏ ਹੋਣ ਦੇ ਬਾਵਜੂਦ ਕੰਮੀ ਜਾਂ ਨੌਕਰ ਕਹਾ ਰਹੇ ਹਨ ਤੇ ਜੋ ਵਰਗ ਇਹਨਾਂ ਦੇ ਕੀਤੇ ਕੰਮਾਂ ਤੇ ਨਿਰਭਰ ਹੈ ਉਹ ਰਾਜਸੀ ਤਾਕਤ ਨਾਲ ਆਪਣੇ ਆਪਨੂੰ ਉੱਨਤ ਸਾਬਤ ਕਰ ਰਿਹਾ ਹੈ।ਇਸ ਉਲਟ ਵਰਤਾਅ ਦੇ ਕਾਰਨ ਵਿਸ਼ਵਕਰਮਾਂ ਬੰਸੀ ਅੱਜ ਪੱਛੜੇ ਵਰਗ ਕਹਾ ਰਹੇ ਹਨ।
ਹੁਣ ਦੂਜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਉਲਟੀ ਹੋਈ ਸਤਿੱਥੀ ਨੂੰ ਬਦਲਿਆ ਕਿਵੇਂ ਜਾਵੇ ਅਤੇ ਇਹ ਖੋਇਆ ਹੋਇਆ ਸਨਮਾਨ ਕਿਵੇਂ ਹਾਸਲ ਕੀਤਾ ਜਾਵੇ।ਇਸਦਾ ਹੱਲ ਵੀ ਸਾਡੇ ਆਪਣੇ ਹੀ ਹੱਥ ਵਿੱਚ ਹੈ। ਅਸੀਂ ਕਹਿੰਦੇ ਹਾਂ ਕਿ ਵਿਸ਼ਵਕਰਮਾਂ ਜਾਂ ਕਿਰਤੀ ਸਮਾਜ ਦੀ ਬਹੁ-ਗਿਣਤੀ ਹੈ ਅਤੇ ਦੂਜਾ ਵਰਗ ਘੱਟ ਗਿਣਤੀ ਹੈ, ਅੰਕੜੈ ਵੀ ਇਸ ਗੱਲ ਦੀ ਪੜੋੜਤਾ ਕਰਦੇ ਹਨ।ਇਹ ਘੱਟ-ਗਿਣਤੀ ਵਰਗ ਅੱਜ ਬਹੁ-ਗਿਣਤੀ ਵਰਗ ਤੇ ਰਾਜ ਕਰ ਰਿਹਾ ਹੈ,ਕਿਵੇਂ? ਕਿਉਂਕਿ ਉਸਨੇ ਅੰਗਰੇਜਾਂ ਪਾਸੋਂ 'ਪਾੜੋ ਤੇ ਰਾਜ ਕਰੋ' ਦਾ ਸਬਕ ਸਿੱਖ ਲਿਆ ਹੈ ਤੇ ਇਸਤਰਾਂ ਬਹੁ-ਗਿਣਤੀ ਨੂੰ ਵੰਡ ਕੇ ਘੱਟ-ਗਿਣਤੀ ਕਰ ਦਿੱਤਾ ਹੈ ਅਤੇ ਆਪਣੀ ਘੱਟ ਗਿਣਤੀ ਨੂੰ ਬਹੁ-ਗਿਣਤੀ ਵਿਚ ਬਦਲ ਕਿ ਹਕੂਮਤ ਕਰ ਰਿਹਾ ਹੈ। ਇਸ ਹਕੂਮਤੀ ਤਾਕਤ ਰਾਹੀਂ ਅੱਜ ਬਹੁ-ਗਿਣਤੀ ਵਿਸ਼ਵਕਰਮਾਂ ਬੰਸੀਆਂ ਦੇ ਪਛਾੜੇ ਗਏ ਸਮਾਜ ਦੇ ਹੱਕ ਮਾਰ ਰਿਹਾ ਹੈ । ਅਜਾਦ ਹਿੰਦੁਸਤਾਨ ਵਿੱਚ ਵੋਟਾਂ ਦਾ ਰਾਜ ਹੈ ਜਿਸਦੇ ਵੱਲ ਬਹੁ-ਗਿਣਤੀ ਹੈ, ਰਾਜ ਵੀ ਉਸਦਾ ਹੀ ਹੋਵੇਗਾ ਤੇ ਆਪਣੇ ਹੱਕਾਂ ਦੀ ਰਾਖੀ ਤੇ ਆਪਣਾ ਮਾਨ ਸਨਮਾਨ ਵੀ ਉਹੀ ਰੱਖ ਸਕੇਗਾ।
ਸਾਡਾ ਅਗਲਾ ਸਵਾਲ ਇਹ ਹੈ ਕੀ ਅਸੀਂ ਰਾਜਸੀ ਤਾਕਤ ਹਾਸਲ ਕਰਨਾ ਚਾਹੁੰਦੇ ਹਾਂ, ਕੀ ਅਸੀਂ ਆਪਣਾ ਮਾਨ ਸਨਮਾਨ ਤੇਬਣਦੇ ਹੱਕ ਲੈਣੇ ਚਾਹੁੰਦੇ ਹਾਂ, ਕੀ ਉਹ ਸਾਰੀਆਂ ਸਹੂਲਤਾਂ ਜੋ ਹਕੂਮਤੀ ਵਰਗ ਨੂੰ ਮਿਲ ਰਹੀਆਂ ਹਨ, ਪ੍ਰਾਪਤ ਕਰਨੀਆਂ ਚਾਹੁੰਦੇ ਹਾਂ।ਜੇ ਸਾਡਾ ਜੁਆਬ ਹਾਂ ਵਿੱਚ ਹੈ ਤਾਂ ਸਾਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਸਾਨੂੰ ਆਪਣੀ ਵੰਡੀ ਹੋਈ ਬਹੁ-ਗਿਣਤੀ ਨੂੰ ਇਕ ਪਲੇਟ ਫਾਰਮ ਤੇ ਇਕੱਠਿਆਂ ਕਰਕੇ ਇਕ ਮਜਬੂਤ ਸਿਆਸੀ ਦਲ ਜਾਂ ਪਾਰਟੀ ਬਨਾਉਣੀ ਪਵੇਗੀ ਜੋ ਸਾਰੇ ਵਿਸ਼ਵਕਰਮੀਆਂ ਦੀ ਸਾਂਝੀ ਤੇ ਪ੍ਰਵਾਨਤ ਹੋਵੇ। ਇਸਦੀ ਮੌਜੂਦਾ ਮਿਸਾਲ ਵੀ ਸਾਡੇ ਸਾਹਮਣੇ ਹੈ, ਜਿਵੇਂ ਕਾਂਸ਼ੀ ਰਾਮ ਤੇ ਮਾਇਆ ਵਤੀ ਨੇ ਸਾਰੇ ਦਲਿਤ ਸਮਾਜ ਨੂੰ ਇਕੱਠਿਆਂ ਕਰਕੇ ਯੂ. ਪੀ. (ਹਿੰਦੁਸਤਾਨ ਦੇ ਸਭ ਤੋਂ ਵੱਡੇ ਸੂਬੇ) ਤੇ ਹਕੂਮਤ ਕਰਕੇ ਦਿਖਾ ਦਿੱਤੀ ਹੈ।ਇਹ ਹੈ ਏਕਤਾ ਦੀ ਤਾਕਤ ਦਾ ਕਮਾਲ। ਕੀ ਵਿਸ਼ਵਕਰਮਾਂ ਸਮਾਜ ਆਪਣੇ ਇਸ ਦਲਿਤ ਸਮਾਜ ਤੋਂ ਏਕਤਾ ਦੀ ਸ਼ਿਖਸ਼ਾ ਨਹੀਂ ਲੈ ਸਕਦਾ।ਆਉ ਸਾਰੇ ਰਲ ਕੇ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰੀਏ ਅਤੇ ਆਪਣੇ ਵਿਸ਼ਵਕਰਮਾਂ ਸਮਾਜ ਨੂੰ ਇਕ ਪਲੇਟ ਫਾਰਮ ਤੇ ਇਕੱਤਰ ਕਰਨ ਦੇ ਯਤਨ ਕਰੀਏ।ਇੱਥੇ ਇਹ ਵੀ ਵਰਨਣ ਯੋਗ ਹੈ ਕਿ ਹੁਣ ਇਸ ਸਬੰਧ ਵਿੱਚ ਕਾਫੀ ਗੰਭੀਰ ਯਤਨ ਹੋਣੇ ਵੀ ਸ਼ੁਰੂ ਹੋ ਗਏ ਹਨ ਤੇ ਬਹੁਤ ਵੱਡੇ ਵੱਡੇ ਇਕੱਠ ਹੋਣ ਲੱਗ ਪਏ ਹਨ।ਦਾਸ ਨੂੰ ਬਹੁਤ ਸਾਰੇ ਕੌਮ ਦਰਦੀਆਂ ਦੇ ਫੋਨ ਆ ਰਹੇ ਹਨ ਅਤੇ ਇਹਨਾਂ ਇਕੱਠਾਂ ਵਿਚ ਸ਼ਾਮਲ ਹੋਣ ਦੇ ਸੱਦੇ ਵੀ ਆ ਰਹੇ ਹਨ। ਪਿਛਲੇ ਦਿਨੀ ਕੁਝ ਘਰੇਲੂ ਮਜਬੂਰੀਆਂ ਤੇ ਹੋਰ ਸਮਾਜਕ ਜਿਮੇਵਾਰੀਆਂ ਕਾਰਨ ਦਾਸ ਇਹਨਾਂ ਇਕੱਠਾਂ ਵਿੱਚ ਸ਼ਾਮਲ ਨਹੀਂ ਹੋ ਸਕਿਆ ਜਿਸ ਲਈ ਖਿਮਾਂ ਦਾ ਜਾਚਕ ਹਾਂ ਪਰ ਮੇਰਾ ਮਨ ਤੇ ਵਿਚਾਰ ਹਮੇਸ਼ਾਂ ਆਪਣੇ ਭਰਾਵਾਂ ਨਾਲ ਹੀ ਹਨ।ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਵਿਸ਼ਵਕਰਮਾਂ ਸਮਾਜ ਨੂੰ ਇਕੱਠੇ ਹੋ ਕੇ ਹੰਬਲਾ ਮਾਰਨ ਦੀ ਹਿੰਮਤ ਤੇ ਬਲ ਬਖਸ਼ੇ ਅਤੇ ਏਕਤਾ ਦੇ ਯਤਨ ਕਾਮਯਾਬ ਹੋਣ । ਇਸਤਰਾਂ ਅਸੀਂ ਹੋਰ ਪਛਾੜੇ ਜਾਣ ਤੋਂ ਬਚ ਸਕੀਏ ।
ਕੌਮੀ ਏਕਤਾ ਤੇ ਚੜ੍ਹਦੀਕਲਾ ਦਾ ਚਾਹਵਾਨ,
ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org