ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ।
ਧੰਨ ਧੰਨ ਰਾਮ ਦਾਸ ਗੁਰੂ ਜਿਿਨ ਸਿਿਰਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪ ਸਿਰਜਣਹਾਰੈ ਧਾਰਿਆ ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥ ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤ ਨ ਪਾਰਾਵਾਰਿਆ ॥ਪੰਨਾ 968॥
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦਾ ਆਗਮਨ ਕਤੱਕ ਵਦੀ 2, (25 ਅੱਸੂ) ਸੰਮਤ 1591, 24 ਸਤੰਬਰ, ਸੰਨ 1534 ਨੂੰ ਪਿਤਾ ਹਰੀ ਦਾਸ ਤੇ ਮਾਤਾ ਦਇਆ ਕੌਰ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ।ਆਪ ਜੀ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ। ਆਪਜੀ ਦੇ ਮਾਤਾ-ਪਿਤਾ ਜੀ ਦਾ ਦਿਹਾਂਤ ਜਦੋਂ ਆਪ 7 ਸਾਲ ਦੇ ਸਨ ਹੋ ਗਿਆ ਸੀ ਤਾਂ ਆਪ ਜੀ ਦੀ ਪਾਲਣਾ ਆਪ ਜੀ ਦੀ ਨਾਨੀ ਜੀ ਨੇ ਕੀਤੀ ਜੋ ਕਿ ਪਿੰਡ ਬਾਸਰਕੇ ਗਿਲਾਂ ਦੇ ਰਹਿਣ ਵਾਲੇ ਸਨ।ਆਪ ਜੀ ਬਚਪਨ ਵਿੱਚ ਇੱਥੇ ਛੋਲਿਆਂ ਦੀਆਂ ਬਣਾਈਆਂ ਹੋਈਆਂ ਘੁੰਗਣੀਆਂ ਵੇਚ ਕੇ ਘਰ ਦਾ ਗੁਜਾਰਾ ਕਰਨ ਲਈ ਆਪਣੀ ਨਾਨੀ ਜੀ ਦੀ ਸਹਾਇਤਾ ਕਰਿਆ ਕਰਦੇ ਸਨ।ਜਦੋਂ ਆਪ 12 ਸਾਲ ਦੇ ਹੋਏ ਤਾਂ ਆਪ ਜੀ ਦੀ ਨਾਨੀ ਜੀ ਆਪ ਜੀ ਨੂੰ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਪਾਸ ਗੋਇੰਦਵਾਲ ਸਾਹਿਬ ਲੈ ਕੇ ਆ ਗਏ ਤਾਂ ਆਪ ਇਥੇ ਹੀ ਗੁਰੂ ਜੀ ਪਾਸ ਸੰਗਤ ਦੀ ਸੇਵਾ ਵਿਚ ਲਗ ਗਏ।ਆਪ ਜੀ ਦੇ ਸੇਵਾ ਭਾਵ, ਪ੍ਰਭੂ ਭਗਤੀ ਤੇ ਗੁਰਬਾਣੀ ਗਿਆਨ ਨੂੰ ਦੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਦੀ ਸ਼ਾਦੀ ਆਪਣੀ ਪੁਤਰੀ ਬੀਬੀ ਭਾਨੀ ਜੀ ਨਾਲ ਕਰ ਦਿੱਤੀ ਅਤੇ 1574 ਵਿਚ ਆਪਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਸਿੱਖਾਂ ਦੇ ਚੌਥੇ ਗੁਰੂ ਸਥਾਪਤ ਕਰ ਦਿੱਤਾ।
ਚੌਥੇ ਨਾਨਕ, ਸ੍ਰੀ ਗੁਰੂ ਰਾਮ ਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚ ਤੇ ਪ੍ਰਭੂ ਭਗਤੀ ਦੇ ਸੰਦੇਸ਼ ਨੂੰ ਅੱਗੇ ਫੇਲਾਇਆ। ਗੁਰਗੱਦੀ ਮਿਲਣ ਤੋਂ ਬਾਅਦ ਆਪਜੀ ਨੇ ਇਕ ਨਵਾਂ ਨਗਰ ਵਸਾਇਆ ਜਿਸਦਾ ਨਾਮ ਚੱਕ ਗੁਰੂ ਰੱਖਿਆ । ਸ਼ੁਰੂ ਵਿੱਚ ਏਥੇ ਇਕ ਛੋਟੀ ਜਿਹੀ ਛਪੜੀ ਸੀ। ਜਿਸਨੂੰ ਗੁਰੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਚਾਰ ਅਨੁਸਾਰ ਇਕ ਸਰੋਵਰ ਵਿਚ ਤਬਦੀਲ ਕੀਤਾ ਅਤੇ ਇਸਦਾ ਨਾਮ ਅੰਮ੍ਰਿਤ ਸਰੋਵਰ ਰੱਖਿਆ । ਇਸ ਸਰੋਵਰ ਦੇ ਨਾਮ ਤੇ ਹੀ ਇਸ ਨਗਰ ਦਾ ਨਾਮ ਚੱਕ ਗੁਰੂ ਰਾਮਦਾਸ ਤੋਂ ਸ੍ਰੀ ਅੰਮ੍ਰਿਤਸਰ ਪਿਆ। ਇਸ ਅੰਮ੍ਰਿਤ ਸਰੋਵਰ ਵਿਚ ਹੀ ਪੰਜਵੇਂ ਨਾਨਕ ਸੀ੍ਰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮ ਦਾਸ ਜੀ ਦੀ ਕਲਪਨਾ ਦੇ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ । ਜੋ ਅੱਜ ਸਾਰੇ ਸੰਸਾਰ ਵਿਚ ਰੁਹਾਨੀਅਤ, ਸਾਂਝੀਵਾਲਤਾ, ਪ੍ਰੇਮ, ਸੱਚ ਤੇ ਪੱ੍ਰਭੂ ਭਗਤੀ ਦੇ ਸੰਦੇਸ਼ ਦਾ ਕੇਂਦਰ ਬਣਿਆ ਹੈ।
ਗੁਰੂ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਜੋ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਹੈ।ਇਹਨਾਂ ਵਿਚ ਮੱਹਤਵ ਪੂਰਨ ਹੈ, ਲਾਵਾਂ (ਅਨੰਦ-ਕਾਰਜ ਦੀ ਬਾਣੀ), ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਅਤੇ ਹਰ ਸਿੱਖ ਲਈ ਨਿਤਨੇਮ ਕਰਨ ਦੀ ਹਦਾਇਤ ।ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਨ ਨੂੰ ਇਹ ਕਹਿਕੇ ਬਹੁਤ ਮਹੱਤਵ ਦਿੱਤਾ ਕਿ ਜੋ ਵੀ ਇਸ ਸਰੋਵਰ ਵਿਚ ਨੇਕ ਭਾਵਨਾਂ ਅਤੇ ਸੱਚ ਤੇ ਚਲਣ ਦੇ ਇਰਾਦੇ ਨਾਲ ਇਸ਼ਨਾਨ ਕਰੇਗਾ ਉਸਦੇ ਸਾਰੇ ਪਾਪ ਕੱਟੇ ਜਾਣਗੇ “ ਰਾਮਦਾਸ ਸਰੋਵਰ ਨਾ੍ਹਤੇ ਸਭ ਉਤਰੇ ਪਾਪ ਕਮਾਤੇ”।ਆਪ ਜੀ ਨੇ ਇਸ ਸ਼ਹਿਰ ਵਿਚ ਹਰ ਤਰਾਂ ਦੇ ਕਾਰੋਬਾਰ ਕਰਨ ਵਾਲੇ ਅਤੇ ਭਵਨ ਉਸਾਰੀ ਦੇ ਮਾਹਿਰ ਕਾਰੀਗਰਾਂ ਨੂੰ ਵੱਸਣ ਲਈ ਪ੍ਰੇਰਿਆ ਤੇ ਉਹਨਾਂ ਦੀ ਹਰ ਪ੍ਰਕਾਰ ਨਾਲ ਸਹਾਇਤਾ ਕੀਤੀ ।ਇਸਦਾ ਹੀ ਨਤੀਜਾ ਹੈ ਕਿ ਅੱਜ ਇਹ ਸ਼ਹਿਰ ਵਪਾਰ ਤੇ ਕਾਰੀਗਰੀ ਲਈ ਪੂਰੀ ਦੁਨੀਆਂ ਵਿਚ ਮਸ਼ਹੂਰ ਹੈ।ਗੁਰੂ ਜੀ ਦੀ ਮਿਹਰ ਤੇ ਕ੍ਰਿਪਾ ਸਦਕਾ ਇਹ ਸ਼ਹਿਰ ਦਿਨ ਦੂਨੀ ਤੇ ਰਾਤ ਚੌਗੁਨੀ ਤੱਰਕੀ ਕਰ ਰਿਹਾ ਹੈ। ਗੁਰੂ ਜੀ ਦੇ ਇਸ ਪਰਉਪਕਾਰ ਲਈ ਜਿਨਾਂ ਵੀ ਸ਼ੁਕਰਾਨਾ ਕੀਤਾ ਜਾਵੇ ਘੱਟ ਹੈ।ਇਹਨਾਂ ਦੇ ਨਾਮ ਤੇ ਹੀ ਸਿੱਖਾਂ ਨੇ ਅੰਮ੍ਰਿਤਸਰ ਸ਼ਹਿਰ ਤੇ ਹਰਿਮੰਦਰ ਸਾਹਿਬ ਜੀ ਦੀ ਰਾਖੀ ਲਈ ਇਕ ਛੋਟੇ ਕਿਲ੍ਹੇ ਵਰਗੀ ਕੱਚੀ ਗੜ੍ਹੀ “ਰਾਮਰੌਣੀ” ਬਣਾਈ ਜਿਸਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਬਾਅਦ ਵਿਚ ਇਕ ਵੱਡੇ ਪੱਕੇ ਕਿਲੇ੍ਹ ਵਿੱਚ ਬਦਲ ਦਿੱਤਾ।ਹੁਣ ਇਸਦਾ ਨਾਮ “ਕਿਲਾ੍ਹ ਰਾਮਗੜ੍ਹ” ਪੈ ਗਿਆ ਜਿਸਤੋਂ ਉਸ ਵਿਚ ਰਹਿਣ ਵਾਲੇ ਸਿੰਘ ਸੂਰਮੇ “ਰਾਮਗੜ੍ਹੀਆ” ਕਹਾਉਣ ਲਗ ਪਏ ਜੋ ਕਿ ਬਹੁਤ ਹੀ ਸਤਿਕਾਰ ਤੇ ਸੂਰਮਗਤੀ ਦੀ ਉਪਾਧੀ ਸੀ ਕਿੳਂੁਕਿ ਇਸ ਨਾਲ ਸ੍ਰੀ ਗੁਰੂ ਰਾਮ ਦਾਸ ਜੀ ਦਾ ਨਾਮ ਜੁੜਿਆ ਸੀ।ਇਸਤਰਾਂ ਰਾਮਗੜ੍ਹੀਆ ਮਿਸਲ ਹੋਂਦ ਵਿਚ ਆਈ ਅਤੇ ਮਹਾਰਾਜਾ ਜੱਸਾ ਸਿੰਘ ਇਚੋਗਿਲੀਆ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਕਹਾਇਆ।ਅੱਜ ਉਸਦੇ ਅਨੁਆਈ ਵੀ ਰਾਮਗੜ੍ਹੀਆ ਕਹਾਉਣ ਵਿਚ ਮਾਣ ਮਹਿਸੂਸ ਕਰਦੇ ਹਨ।ਇਹ ਸੱਭ ਇਹਨਾਂ ਤੇ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੀ ਕ੍ਰਿਪਾ ਹੈ। ਆਓ ਅੱਜ ਸਾਰੇ ਉਹਨਾਂ ਦੇ ਚਰਨਾਂ ਵਿਚ ਸੀਸ ਝੁਕਾ ਕੇ ਮੱਥਾ ਟੇਕੀਏ ਅਤੇ ਉਹਨਾਂ ਦੀਆਂ ਮਹਾਨ ਸਿੱਖਆਵਾਂ ਤੇ ਚਲਣ ਦਾ ਪ੍ਰਣ ਕਰੀਏ ਤੇ ਸਭ ਦੇ ਭਲੇ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਕਰੀਏ ।ਅੱਜ ਦੇ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮਸਤ ਨਾਨਕ ਨਾਮ ਲੇਵਾ ਸੰਗਤਾਂ ਅਤੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਮਹਾਰਾਜ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖਕੇ ਸਭ ਨੂੰ ਸੇਵਾ, ਸਿਮਰਨ, ਪ੍ਰੇਮ ਪਿਆਰ ਅਤੇ ਸੱਚ ਦੇ ਰਸਤੇ ਤੇ ਚਲਣ ਦੀ ਸੁਮੱਤ ਬਖਸ਼ਿਸ਼ ਕਰਨ। ਦੋਵੇਂ ਹੱਥ ਜੋੜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ।
ਦਾਸਿਨੁ ਦਾਸ : ਗਿਆਨ ਸਿੰਘ ਬਮਰਾਹ, 9464283050, 6283317292. ਰਾਮਗੜ੍ਹੀਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ।